WHO ਮੁਖੀ ਦਾ ਖੁਲਾਸਾ, ਕੋਰੋਨਾ ਵੈਕਸੀਨ ਬਣਾਉਣ ਦੇ ਕਰੀਬ ਪਹੁੰਚੇ 7 ਤੋਂ 8 ਉਮੀਦਵਾਰ

Tuesday, May 12, 2020 - 06:24 PM (IST)

WHO ਮੁਖੀ ਦਾ ਖੁਲਾਸਾ, ਕੋਰੋਨਾ ਵੈਕਸੀਨ ਬਣਾਉਣ ਦੇ ਕਰੀਬ ਪਹੁੰਚੇ 7 ਤੋਂ 8 ਉਮੀਦਵਾਰ

ਸੰਯੁਕਤ ਰਾਸ਼ਟਰ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਜਲਦੀ ਤੋਂ ਜਲਦੀ ਕੋਵਿਡ-19 ਦੇ ਇਲਾਜ ਦਾ ਟੀਕਾ ਜਾਂ ਕੋਈ ਦਵਾਈ ਬਣਾਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਇਕ ਰਾਹਤ ਭਰੀ ਖਬਰ ਹੈ ਕਿ ਦੁਨੀਆ ਭਰ ਦੇ 7 ਤੋਂ 8 ਉਮੀਦਵਾਰ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦੇ ਕਰੀਬ ਹਨ।ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਗੈਬੇਰੀਅਸ ਨੇ ਇਸ ਗੱਲ ਦਾ ਖੁਲਾਸਾ ਕੀਤਾ। ਟੇਡਰੋਸ ਨੇ ਦੱਸਿਆ ਹੈ ਕਿ 7 ਤੋਂ 8 ਉਮੀਦਵਾਰ ਅਜਿਹੇ ਹਨ ਜੋ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿਚ ਸਭ ਤੋਂ ਅੱਗੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਨਾਲ ਉਹਨਾਂ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਭਾਵੇਂਕਿ ਉਹਨਾਂ ਨੇ ਇਹਨਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ।

8 ਬਿਲੀਅਨ ਡਾਲਰ ਦੀ ਮਦਦ
ਵਿਸ਼ਵ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਗੈਬੇਰੀਅਸ ਨੇ ਯੂ.ਐੱਨ. ਇਕਨੌਮਿਕ ਐਂਡ ਸੋਸ਼ਲ ਕੌਂਸਲ ਦੀ ਵੀਡੀਓ ਬ੍ਰੀਫਿੰਗ ਵਿਚ ਕਿਹਾ ਕਿ 2 ਮਹੀਨੇ ਪਹਿਲਾਂ ਤੱਕ ਸਾਡੀ ਸੋਚ ਇਹੀ ਸੀਕਿ ਇਸ ਦੀ ਵੈਕਸੀਨ ਨੂੰ ਬਣਾਉਣ ਵਿਚ 12 ਤੋਂ 18 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਪਰ ਹੁਣ ਤੇਜ਼ੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿਚ ਇਕ ਹਫਤੇ ਪਹਿਲਾਂ 40 ਦੇਸ਼ਾਂ, ਸੰਗਠਨਾਂ ਅਤੇ ਬੈਂਕਾਂ ਵੱਲੋਂ ਖੋਜ, ਇਲਾਜ ਅਤੇ ਪਰੀਖਣ ਦੇ ਲਈ 7.4 ਬਿਲੀਅਨ ਯੂਰੋ (8 ਬਿਲੀਅਨ ਡਾਲਰ) ਦੀ ਮਦਦ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵੈਕਸੀਨ ਦੀ ਖੋਜ ਲਈ  8 ਬਿਲੀਅਨ ਡਾਲਰ ਦੀ ਰਾਸ਼ੀ ਲੋੜੀਂਦੀ ਨਹੀਂ ਹੋਵੇਗੀ। ਸਾਨੂੰ ਵੈਕਸੀਨ ਦੇ ਵਿਕਾਸ ਨੂੰ ਗਤੀ ਦੇਣ ਦੇ ਲਈ ਹੋਰ ਰਾਸ਼ੀ ਦੀ ਲੋੜ ਹੋਵੇਗੀ। ਸਾਨੂੰ ਇਹ ਯਕੀਨੀ ਕਰਨ ਦੀ ਲੋੜ ਹੋਵੇਗੀ ਕਿ ਉਸ ਵੈਕਸੀਨ ਦੀ ਪਹੁੰਚ ਸਾਰਿਆਂ ਤੱਕ ਹੋਵੇ ਅਤੇ ਕੋਈ ਵੀ ਪਿੱਛੇ ਨਾ ਰਹੇ।

7 ਤੋਂ 8 ਉਮੀਦਵਾਰ ਅੱਗੇ
ਟੇਡਰੋਸ ਨੇ ਕਿਹਾ ਕਿ ਸਾਡੇ ਕੋਲ ਵੈਕਸੀਨ ਬਣਾਉਣ ਲਈ ਚੰਗੇ ਉਮੀਦਵਾਰ ਹਨ ਜਿਹਨਾਂ ਵਿਚੋਂ 7 ਤੋਂ 8 ਉਮੀਦਵਾਰ ਸਭ ਤੋਂ ਅੱਗੇ ਹਨ ਪਰ ਵੈਕਸੀਨ ਬਣਾਉਣ ਲਈ ਇਹਨਾਂ ਦੇ ਇਲਾਵਾ ਵੀ 100 ਤੋਂ ਵੱਧ ਉਮੀਦਵਾਰ ਕੰਮ ਕਰ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਹਨਾਂ 'ਤੇ ਧਿਆਨ ਕੇਂਦਰਿਤ ਕਰ ਰਰੇ ਹਾਂ ਜੋ ਸਾਡੇ ਕੋਲ ਬਿਹਤਰ ਨਤੀਜੇ ਲਿਆ ਸਕਦੇ ਹਨ। ਅਸੀਂ ਬਿਹਤਰ ਸਮਰੱਥਾ ਵਾਲੇ ਉਹਨਾਂ ਉਮੀਦਵਾਰਾਂ ਨੂੰ ਪੂਰੀ ਮਦਦ ਉਪਲਬਧ ਕਰਵਾ ਰਹੇ ਹਾਂ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੀ ਵੈਕਸੀਨ ਮਿਲ ਜਾਵੇ, ਇਸ ਦੀ ਗਾਰੰਟੀ ਨਹੀਂ : ਬੋਰਿਸ ਜਾਨਸਨ 

400 ਵਿਗਿਆਗਨੀਆਂ ਦੇ ਸਮੂਹ ਨਾਲ ਕਰ ਰਹੇ ਕੰਮ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਨੇ ਕਿਹਾ ਕਿ ਸਾਡਾ ਸੰਗਠਨ ਦੁਨੀਆ ਭਰ ਵਿਚ ਹਜ਼ਾਰਾਂ ਸ਼ੋਧ ਕਰਤਾਵਾਂ ਦੇ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਪਸ਼ੂ ਮਾਡਲ ਵਿਕਸਿਤ ਕਰਨ ਤੋਂ ਲੈ ਕੇ ਕਲੀਨਿਕਲ ਟ੍ਰਾਇਲ ਡਿਜ਼ਾਈਨ ਕਰ ਕੇ ਵੈਕਸੀਨ ਦੇ ਵਿਕਾਸ ਵਿਚ ਤੇਜ਼ੀ ਲਿਆਂਦੀ ਜਾਵੇ। ਇਸ ਵਿਚ 400 ਵਿਗਿਆਨੀਆਂ ਦਾ ਇਕ ਸੰਗਠਨ ਵੀ ਸ਼ਾਮਲ ਹੈ।


author

Vandana

Content Editor

Related News