ਐਮੀਰੇਟਸ ਨੇ ਤਿਆਰ ਕੀਤਾ ਹੀਰਿਆਂ ਨਾਲ ਜੜਿਆ ਲਾਊਂਜ, ਤਸਵੀਰ ਵਾਇਰਲ
Wednesday, Sep 18, 2019 - 04:13 PM (IST)

ਦੁਬਈ (ਬਿਊਰੋ)— ਸੰਯੁਕਤ ਅਰਬ ਅਮੀਰਾਤ ਦੀ ਐਮੀਰੇਟਸ ਏਅਰਲਾਈਨ ਨੇ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਇਕ ਹੋਰ ਸ਼ਾਨਦਾਰ ਤਸਵੀਰ ਜਾਰੀ ਕੀਤੀ ਹੈ। ਉਸ ਦੇ ਆਪਣੇ ਇਕ ਏਅਰਕ੍ਰਾਫਟ ਦੇ ਲਾਊਂਜ ਦੀ ਕੰਪਨੀ ਨੇ ਉਕਤ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਐਮੀਰੇਟਸ ਨੇ ਆਪਣੀ ਫਲਾਈਟ ਏ380 ਦੇ ਲਾਊਂਜ ਨੂੰ ਹੀਰਿਆਂ ਨਾਲ ਬਹੁਤ ਖੂਬਸੂਰਤੀ ਨਾਲ ਸਜਾਇਆ ਹੈ। ਇੱਥੋਂ ਤੱਕ ਕਿ ਸੀਟਾਂ 'ਤੇ ਵੀ ਹੀਰੇ ਜੜੇ ਗਏ ਹਨ।
ਕੰਪਨੀ ਨੇ ਪਿਛਲੇ ਸਾਲ ਵੀ ਆਪਣੇ ਬੋਇੰਗ 777 ਜਹਾਜ਼ ਦੀ ਅਜਿਹੀ ਹੀ ਇਕ ਤਸਵੀਰ ਜਾਰੀ ਕੀਤੀ ਸੀ, ਜਿਸ ਵਿਚ ਬਾਹਰੀ ਡਿਜ਼ਾਈਨ ਅਜਿਹਾ ਸੀ ਜਿਵੇਂ ਹੀਰਿਆਂ ਨਾਲ ਸਜਾਇਆ ਗਿਆ ਹੋਵੇ। ਇਸ ਵਾਰ ਵੀ ਅਜਿਹਾ ਹੀ ਕੀਤਾ ਗਿਆ ਹੈ।
ਅਸਲ ਵਿਚ ਦੇਖਣ ਵਿਚ ਭਾਵੇਂ ਇਹ ਹੀਰੇ ਅਤੇ ਮੋਤੀਆਂ ਦੀ ਸਜਾਵਟ ਨਜ਼ਰ ਆਉਂਦੀ ਹੈ ਪਰ ਇਹ ਇਕ ਤਰ੍ਹਾਂ ਦਾ ਆਰਟਵਰਕ ਹੈ। ਇਸ ਨੂੰ ਕ੍ਰਿਸਟਲ ਆਰਟੀਸਟ ਸਾਰਾ ਸ਼ਕੀਲ ਨੇ ਤਿਆਰ ਕੀਤਾ ਹੈ, ਜੋ ਆਪਣੀ ਇਸ ਕਲਾ ਲਈ ਕਈ ਪੁਰਸਕਾਰ ਜਿੱਤ ਚੁੱਕੀ ਹੈ। ਫਿਲਹਾਲ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਸਾਰੇ ਲੋਕ ਪੁੱਛ ਰਹੇ ਹਨ ਕਿ ਆਖਿਰ ਹੀਰਿਆਂ ਨਾਲ ਜੜੀ ਇਹ ਫਲਾਈਟ ਕਿਸ ਸ਼ਹਿਰ ਲਈ ਉਡਾਣ ਭਰੇਗੀ।