ਯੂਕ੍ਰੇਨ ਤਣਾਅ : ਬਾਈਡੇਨ ਨੇ ਹੋਰ ਜ਼ਿਆਦਾ ਫ਼ੌਜੀ ਯੂਰਪ ਭੇਜਣ ਦਾ ਲਿਆ ਫ਼ੈਸਲਾ
Friday, Feb 04, 2022 - 09:44 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਰਪ ਵਿਚ ਹੋਰ ਜ਼ਿਆਦਾ ਫ਼ੌਜੀ ਭੇਜਣ ਦਾ ਫ਼ੈਸਲਾ ਲਿਆ ਹੈ। ਬਾਈੇਡੇਨ ਨੇ ਪੋਲੈਂਡ ਅਤੇ ਜਰਮਨੀ ਵਿਚ 2,000 ਅਮਰੀਕੀ ਫ਼ੌਜੀਆਂ ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਅਤੇ ਜਰਮਨੀ ਤੋਂ ਰੋਮਾਨੀਆ ਵਿਚ 1,000 ਹੋਰ ਫ਼ੌਜੀ ਟਰਾਂਸਫਰ ਕੀਤੇ ਜਾ ਰਹੇ ਹਨ।
ਅਜਿਹਾ ਕਰ ਕੇ ਬਾਈੇਡੇਨ ਯੂਕ੍ਰੇਨ ’ਤੇ ਰੂਸ ਦੇ ਫ਼ੌਜੀ ਹਮਲਾ ਦੀ ਸ਼ੰਕਾ ਵਿਚਾਲੇ ਨਾਟੋ ਦੇ ਪੂਰਬੀ ਹਿੱਸੇ ’ਤੇ ਆਪਣੇ ਸਹਿਯੋਗੀਆਂ ਪ੍ਰਤੀ ਅਮਰੀਕੀ ਵਚਨਬੱਧਤਾ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੂਸ ਨੇ ਇਸ ਕਦਮ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਇਸ ਤਾਇਨਾਤੀ ਨੂੰ ਬੇਬੁਨਿਆਦ ਅਤੇ ਵਿਨਾਸ਼ਕਾਰੀ ਦੱਸਿਆ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਨੇ ਯੂਕਰੇਨ ਮੁੱਦੇ 'ਤੇ ਰੂਸ ਨੂੰ ਦਿੱਤੀ ਚਿਤਾਵਨੀ, ਕਿਹਾ- 'ਜੇਕਰ ਹਮਲਾ ਕੀਤਾ ਤਾਂ ਇਹ ਹੋਵੇਗੀ ਵੱਡੀ ਭੁੱਲ'
ਪੁਤਿਨ ਅਤੇ ਜਾਨਸਨ ਵਿਚਾਲੇ ਨਹੀਂ ਬਣੀ ਸਹਿਮਤੀ
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ। ਹਾਲਾਂਕਿ, ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਜਾਰੀ ਬਿਆਨਾਂ ਤੋਂ ਮਾਲੂਮ ਹੁੰਦਾ ਹੈ ਕਿ ਮਾਮਲੇ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ।ਪੁਤਿਨ ਨੇ ਕਿਹਾ ਕਿ ਰੂਸ ਦੀ ਸੁਰੱਖਿਆ ਚਿੰਤਾਵਾਂ ’ਤੇ ਪੱਛਮ ਕੋਈ ਧਿਆਨ ਨਹੀਂ ਦੇ ਰਿਹਾ, ਉਥੇ ਜਾਨਸਨ ਨੇ ਯੂਕ੍ਰੇਨ ਦੀ ਸਰਹੱਦ ’ਤੇ ਰੂਸ ਦੀ ਦੁਸ਼ਮਣੀ ਸਰਗਰਮੀਆਂ ਬਾਰੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਉਥੇ ਤਾਇਨਾਤ ਰੂਸ ਦੇ 1,00,000 ਫ਼ੌਜੀਆਂ ਦਾ ਜ਼ਿਕਰ ਵੀ ਕੀਤਾ।
ਫ਼ੌਜੀ ਬਲਾਂ ਦੀ ਤਾਇਨਾਤੀ ਦਾ ਮਕਸਦ ਸਹਿਯੋਗੀਆਂ ਦਾ ਮਨੋਬਲ ਵਧਾਉਣਾ : ਪੈਂਟਾਗਨ
ਬਾਈਡੇਨ ਪ੍ਰਸ਼ਾਸਨ ਹੁਣ ਸੰਕਟ ਦੇ ਡਿਪਲੋਮੈਟ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਨੂੰ ਘੱਟ ਕੀਤੇ ਬਿਨਾਂ ਅਮਰੀਕੀ ਵਚਨਬੱਧਤਾ ਦਰਸ਼ਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਈੇਡੇਨ ਪ੍ਰਸ਼ਾਸਨ ਨੇ ਹਾਲਾਂਕਿ ਨਾਟੋ ਦੇ ਪੂਰਬੀ ਹਿੱਸੇ ਵਿਚ ਬਾਲਟਿਕ ਦੇਸ਼ਾਂ ਐਸਟੋਨੀਆ, ਲਾਤਵੀਆ, ਲਿਥੁਆਨੀਆ ਵਿਚ ਫ਼ੌਜੀ ਨਹੀਂ ਭੇਜੇ ਹਨ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਤੁਰੰਤ ਹੀ ਕੀਤੀ ਜਾਣ ਵਾਲੀ ਅਮਰੀਕੀ ਫੌਜੀ ਬਲਾਂ ਦੀ ਤਾਇਨਾਤੀ ਦਾ ਮਕਸਦ ਅਮਰੀਕਾ ਅਤੇ ਸਬੰਧਤ ਸਹਿਯੋਗੀਆਂ ਦਾ ਮਨੋਬਾਲ ਵਧਾਉਣਾ ਹੈ। ਇਸ ਦਰਮਿਆਨ, ਰੂਸ ਦੇ ਉਪਵਿਦੇਸ਼ ਮੰਤਰੀ ਅਲੈਕਜੈਂਡਰ ਗਰੁਸ਼ਕੋ ਨੇ ਕਿਹਾ ਕਿ ਬੇਬੁਨਿਆਦ ਕਦਮਾਂ ਨਾਲ ਫ਼ੌਜੀ ਤਣਾਅ ਵਧੇਗਾ ਹੀ ਅਤੇ ਸਿਆਸੀ ਫ਼ੈਸਲਿਆਂ ਲਈ ਗੁੰਜਾਇਸ਼ ਘੱਟ ਹੋਵੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।