ਯੂਕ੍ਰੇਨ ਦੇ ਜ਼ਾਪੋਰਿਜ਼ੀਆ ਪ੍ਰਮਾਣੂ ਊਰਜਾ ਪਲਾਂਟ ’ਚ ਬਿਜਲੀ ਬਹਾਲ ਕਰਨ ਦਾ ਕੰਮ ਸ਼ੁਰੂ
Sunday, Oct 19, 2025 - 09:13 AM (IST)

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਦੇ ਮੁਖੀ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਕ੍ਰੇਨ ਦੇ ਜ਼ਾਪੋਰਿਜ਼ੀਆ ਪ੍ਰਮਾਣੂ ਊਰਜਾ ਪਲਾਂਟ ਦੀ ਨੁਕਸਾਨੀ ਹੋਈ ਬਿਜਲੀ ਸਪਲਾਈ ਪ੍ਰਣਾਲੀ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੁਰੰਮਤ ਨਾਲ 4 ਹਫਤਿਆਂ ਤੋਂ ਜਾਰੀ ਬਿਜਲੀ ਦੀ ਕਿੱਲਤ ਦੇ ਖਤਮ ਹੋਣ ਦੀ ਉਮੀਦ ਹੈ, ਜਿਸ ਕਾਰਨ ਪਲਾਂਟ ਬੈਕਅਪ ਜਨਰੇਟ ’ਤੇ ਨਿਰਭਰ ਸਨ।
ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗ੍ਰਾਸੀ ਨੇ ਕਿਹਾ ਕਿ ਰੂਸੀ ਤੇ ਯੂਕ੍ਰੇਨੀ ਫੌਜਾਂ ਨੇ ਮੁਰੰਮਤ ਦਾ ਕੰਮ ਸੁਰੱਖਿਅਤ ਢੰਗ ਨਾਲ ਪੂਰਾ ਕਰਨ ਲਈ ਵਿਸ਼ੇਸ਼ ਜੰਗਬੰਦੀ ਖੇਤਰ ਸਥਾਪਤ ਕੀਤੇ ਹਨ। ਉਨ੍ਹਾਂ ਇਕ ਬਿਆਨ ਵਿਚ ਕਿਹਾ,‘‘ਗੁੰਝਲਦਾਰ ਮੁਰੰਮਤ ਯੋਜਨਾ ਨੂੰ ਅੱਗੇ ਵਧਾਉਣ ਲਈ ਦੋਵਾਂ ਧਿਰਾਂ ਨੇ ਆਈ. ਏ. ਈ. ਏ. ਨਾਲ ਰਚਨਾਤਮਕ ਢੰਗ ਨਾਲ ਗੱਲਬਾਤ ਕੀਤੀ।’’
ਯੂਕ੍ਰੇਨੀ ਊਰਜਾ ਮੰਤਰੀ ਸਵਿਤਲਾਨਾ ਗਿੰਚੁਕ ਨੇ ਪੁਸ਼ਟੀ ਕੀਤੀ ਕਿ ਯੂਕ੍ਰੇਨੀ ਮਾਹਿਰ ਪਲਾਂਟ ਦੀਆਂ ਬਿਜਲੀ ਲਾਈਨਾਂ ਨੂੰ ਬਹਾਲ ਕਰਨ ’ਚ ਲੱਗੇ ਹੋਏ ਹਨ। ਕਿਸੇ ਵੀ ਪ੍ਰਮਾਣੂ ਹਾਦਸੇ ਨੂੰ ਰੋਕਣ ਲਈ ਇਸ ਦਾ ਸਥਿਰ ਸੰਚਾਲਨ ਅਤੇ ਇਸ ਦਾ ਯੂਕ੍ਰੇਨੀ ਪਾਵਰ ਗ੍ਰਿਡ ਨਾਲ ਜੁੜਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਫਰਵਰੀ 2022 ’ਚ ਰੂਸ ਵੱਲੋਂ ਵੱਡੇ ਪੱਧਰ ’ਤੇ ਹਮਲੇ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਹ 42ਵੀਂ ਵਾਰ ਹੈ ਜਦੋਂ ਪਲਾਂਟ ਦੀਆਂ ਬਿਜਲੀ ਲਾਈਨਾਂ ਨੂੰ ਬਹਾਲ ਕਰਨਾ ਪਿਆ ਹੈ।