ਸ਼ਾਂਤੀ ਗੱਲਬਾਤ ਤੋਂ ਪਹਿਲਾਂ ਭੜਕੀ ਜੰਗ ! ਯੂਕ੍ਰੇਨ ਨੇ ਰੂਸੀ ਤੇਲ ਬੰਦਰਗਾਹ ''ਤੇ ਕੀਤਾ ਡਰੋਨ ਹਮਲਾ

Sunday, Feb 15, 2026 - 05:06 PM (IST)

ਸ਼ਾਂਤੀ ਗੱਲਬਾਤ ਤੋਂ ਪਹਿਲਾਂ ਭੜਕੀ ਜੰਗ ! ਯੂਕ੍ਰੇਨ ਨੇ ਰੂਸੀ ਤੇਲ ਬੰਦਰਗਾਹ ''ਤੇ ਕੀਤਾ ਡਰੋਨ ਹਮਲਾ

ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੇ ਚੌਥੇ ਸਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਤੇਜ਼ ਹੋ ਗਏ ਹਨ। ਐਤਵਾਰ ਨੂੰ ਯੂਕ੍ਰੇਨੀ ਡਰੋਨਾਂ ਨੇ ਰੂਸ ਦੇ ਕਾਲੇ ਸਾਗਰ ਸਥਿਤ ਤਾਮਨ ਬੰਦਰਗਾਹ (ਕਰਾਸਨੋਦਰ ਖੇਤਰ) ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਉੱਥੇ ਤੇਲ ਸਟੋਰੇਜ ਟੈਂਕਾਂ ਅਤੇ ਟਰਮੀਨਲਾਂ ਨੂੰ ਭਿਆਨਕ ਅੱਗ ਲੱਗ ਗਈ। ਇਸ ਹਮਲੇ ਵਿੱਚ 2 ਲੋਕ ਜ਼ਖ਼ਮੀ ਹੋਏ ਹਨ। ਦੂਜੇ ਪਾਸੇ, ਰੂਸੀ ਡਰੋਨਾਂ ਦੇ ਮਲਬੇ ਕਾਰਨ ਯੂਕ੍ਰੇਨ ਦੇ ਓਡੇਸਾ ਖੇਤਰ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ।

ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਅਗਲੇ ਹਫ਼ਤੇ ਮੰਗਲਵਾਰ ਅਤੇ ਬੁੱਧਵਾਰ ਨੂੰ ਜੇਨੇਵਾ ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਸ਼ਾਂਤੀ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਪਰ ਇਸ ਗੱਲਬਾਤ ਤੋਂ ਪਹਿਲਾਂ ਕਈ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮਿਊਨਿਖ ਸੁਰੱਖਿਆ ਕਾਨਫਰੰਸ ਵਿੱਚ ਕਿਹਾ ਕਿ ਉਹ ਕਿਸੇ ਵੀ ਸਮਝੌਤੇ 'ਤੇ ਦਸਤਖਤ ਕਰਨ ਤੋਂ ਪਹਿਲਾਂ ਦੇਸ਼ ਦੇ ਭਵਿੱਖ ਲਈ ਠੋਸ ਸੁਰੱਖਿਆ ਗਾਰੰਟੀ ਚਾਹੁੰਦੇ ਹਨ, ਜਦਕਿ ਰੂਸ ਦੀ ਮੰਗ ਹੈ ਕਿ ਯੂਕ੍ਰੇਨ ਡੋਨਬਾਸ ਖੇਤਰ ਦਾ ਕਬਜ਼ਾ ਛੱਡ ਦੇਵੇ ਤੇ ਅਮਰੀਕਾ ਉੱਥੇ ਮੁਕਤ ਵਪਾਰ ਜ਼ੋਨ ਬਣਾਉਣ ਦਾ ਪ੍ਰਸਤਾਵ ਦੇ ਰਿਹਾ ਹੈ। ਜ਼ੇਲੇਂਸਕੀ ਨੇ ਇਸ ਪ੍ਰਸਤਾਵ 'ਤੇ ਵੀ ਸਵਾਲ ਚੁੱਕੇ ਹਨ।

ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੀ ਮੁਖੀ ਕਾਜਾ ਕਾਲਾਸ ਨੇ ਕਿਹਾ ਕਿ ਰੂਸ ਗੱਲਬਾਤ ਰਾਹੀਂ ਉਹ ਜਿੱਤਣਾ ਚਾਹੁੰਦਾ ਹੈ ਜੋ ਉਹ ਮੈਦਾਨ-ਏ-ਜੰਗ ਵਿੱਚ ਨਹੀਂ ਜਿੱਤ ਸਕਿਆ। ਉਨ੍ਹਾਂ ਕਿਹਾ ਕਿ ਪਾਬੰਦੀਆਂ ਹਟਾਉਣ ਵਰਗੇ ਫੈਸਲੇ ਯੂਰਪ ਦੇ ਹੱਥ ਵਿੱਚ ਹਨ ਅਤੇ ਰੂਸ ਨੂੰ ਵੀ ਸਮਝੌਤੇ ਲਈ ਝੁਕਣਾ ਪਵੇਗਾ।

ਜ਼ੇਲੇਂਸਕੀ ਅਨੁਸਾਰ ਅਮਰੀਕੀ ਟੀਮ ਜਲਦੀ ਤੋਂ ਜਲਦੀ ਸਾਰੇ ਸਮਝੌਤਿਆਂ 'ਤੇ ਦਸਤਖਤ ਕਰਨਾ ਚਾਹੁੰਦੀ ਹੈ, ਜਦਕਿ ਯੂਕ੍ਰੇਨ ਸੁਰੱਖਿਆ ਗਾਰੰਟੀ ਨੂੰ ਲੈ ਕੇ ਸੁਚੇਤ ਹੈ। ਅਮਰੀਕੀ ਸੈਨੇਟਰ ਜੀਨ ਸ਼ਾਹੀਨ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਅਸਲ ਸੁਰੱਖਿਆ ਗਾਰੰਟੀ ਦੇ ਰੂਸ ਮੁੜ ਹਮਲਾ ਕਰ ਸਕਦਾ ਹੈ।


author

Harpreet SIngh

Content Editor

Related News