ਭਾਰਤੀਆਂ ਲਈ ਇਸ ਦੇਸ਼ ਨੇ ਸਾਰੀਆਂ ਵੀਜ਼ਾ ਸੇਵਾਵਾਂ ਕੀਤੀਆਂ ਬਹਾਲ, ਚੋਣਾਂ ਮਗਰੋਂ ਪਟੜੀ ''ਤੇ ਪਰਤੇ ਰਿਸ਼ਤੇ

Friday, Feb 20, 2026 - 07:06 PM (IST)

ਭਾਰਤੀਆਂ ਲਈ ਇਸ ਦੇਸ਼ ਨੇ ਸਾਰੀਆਂ ਵੀਜ਼ਾ ਸੇਵਾਵਾਂ ਕੀਤੀਆਂ ਬਹਾਲ, ਚੋਣਾਂ ਮਗਰੋਂ ਪਟੜੀ ''ਤੇ ਪਰਤੇ ਰਿਸ਼ਤੇ

ਨਵੀਂ ਦਿੱਲੀ/ਢਾਕਾ: ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਦੂਰ ਕਰਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਲਈ ਸਾਰੀਆਂ ਵੀਜ਼ਾ ਸੇਵਾਵਾਂ ਅਧਿਕਾਰਤ ਤੌਰ 'ਤੇ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਹ ਅਹਿਮ ਫੈਸਲਾ ਤਾਰਿਕ ਰਹਿਮਾਨ ਦੇ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਮਹਿਜ਼ ਤਿੰਨ ਦਿਨਾਂ ਬਾਅਦ ਲਿਆ ਗਿਆ ਹੈ, ਜੋ ਨਵੀਂ ਦਿੱਲੀ ਪ੍ਰਤੀ ਢਾਕਾ ਦੀ ਵਿਦੇਸ਼ ਨੀਤੀ 'ਚ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ।

ਤਣਾਅ ਤੋਂ ਬਾਅਦ ਮੁੜ ਪਟਰੀ 'ਤੇ ਆ ਰਹੇ ਨੇ ਰਿਸ਼ਤੇ 
ਜ਼ਿਕਰਯੋਗ ਹੈ ਕਿ ਦਸੰਬਰ 2025 'ਚ ਭਾਰਤ ਵਿਰੋਧੀ ਵਿਦਿਆਰਥੀ ਆਗੂ ਸ਼ਰੀਫ਼ ਉਸਮਾਨ ਹਾਦੀ ਦੀ ਹੱਤਿਆ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਭਾਰੀ ਗਿਰਾਵਟ ਆਈ ਸੀ। ਇਸ ਘਟਨਾ ਤੋਂ ਬਾਅਦ ਬੰਗਲਾਦੇਸ਼ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਚਟਗਾਂਵ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨ 'ਤੇ ਪੱਥਰਬਾਜ਼ੀ ਕੀਤੀ ਗਈ ਸੀ, ਜਿਸ ਕਾਰਨ 21 ਦਸੰਬਰ ਤੋਂ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਲਗਭਗ ਦੋ ਮਹੀਨਿਆਂ ਦੀ ਰੋਕ ਤੋਂ ਬਾਅਦ, ਹੁਣ ਟੂਰਿਸਟ ਵੀਜ਼ਾ ਸਮੇਤ ਸਾਰੀਆਂ ਸ਼੍ਰੇਣੀਆਂ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ।

ਭਾਰਤ ਨੇ ਵੀ ਵਧਾਇਆ ਦੋਸਤੀ ਦਾ ਹੱਥ 
ਬੰਗਲਾਦੇਸ਼ ਦੇ ਇਸ ਫੈਸਲੇ ਤੋਂ ਬਾਅਦ ਭਾਰਤ ਨੇ ਵੀ ਅਜਿਹਾ ਹੀ ਕਦਮ ਚੁੱਕਿਆ ਹੈ। ਸਿਲਹਟ ਵਿੱਚ ਭਾਰਤ ਦੇ ਸੀਨੀਅਰ ਕੌਂਸਲਰ ਅਧਿਕਾਰੀ ਅਨਿਰੁੱਧ ਦਾਸ ਨੇ ਪੁਸ਼ਟੀ ਕੀਤੀ ਹੈ ਕਿ ਨਵੀਂ ਦਿੱਲੀ ਵੀ ਬੰਗਲਾਦੇਸ਼ੀ ਨਾਗਰਿਕਾਂ ਲਈ ਸਾਰੀਆਂ ਵੀਜ਼ਾ ਸ਼੍ਰੇਣੀਆਂ ਨੂੰ ਬਹਾਲ ਕਰਨ ਲਈ ਕੰਮ ਕਰ ਰਹੀ ਹੈ। ਫਿਲਹਾਲ ਭਾਰਤ ਵੱਲੋਂ ਮੈਡੀਕਲ ਅਤੇ ਡਬਲ-ਐਂਟਰੀ ਵੀਜ਼ਾ ਨੂੰ ਪਹਿਲ ਦਿੱਤੀ ਜਾ ਰਹੀ ਹੈ, ਪਰ ਜਲਦੀ ਹੀ ਆਮ ਵੀਜ਼ਾ ਸੇਵਾਵਾਂ ਵੀ ਪੂਰੀ ਤਰ੍ਹਾਂ ਸ਼ੁਰੂ ਹੋ ਜਾਣਗੀਆਂ।

ਕੂਟਨੀਤਕ ਗਤੀਵਿਧੀਆਂ ਹੋਈਆਂ ਤੇਜ਼ 
ਦੋਵਾਂ ਦੇਸ਼ਾਂ ਵਿਚਾਲੇ ਦੁਬਾਰਾ ਬਣ ਰਹੀ ਸਾਂਝ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਭਾਰਤੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੁਮਾਇੰਦੇ ਵਜੋਂ ਤਾਰਿਕ ਰਹਿਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ ਪੀ.ਐਮ. ਮੋਦੀ ਵੱਲੋਂ ਤਾਰਿਕ ਰਹਿਮਾਨ ਨੂੰ ਭਾਰਤ ਆਉਣ ਦਾ ਰਸਮੀ ਸੱਦਾ ਵੀ ਦਿੱਤਾ ਹੈ। ਮਾਹਿਰਾਂ ਅਨੁਸਾਰ, ਇਹ ਪਿਛਲੀ ਮੁਹੰਮਦ ਯੂਨਸ ਸਰਕਾਰ ਦੀਆਂ ਨੀਤੀਆਂ ਤੋਂ ਇੱਕ ਵੱਡਾ ਬਦਲਾਅ ਹੈ, ਜਿਨ੍ਹਾਂ ਨੇ ਭਾਰਤ ਦੀ ਬਜਾਏ ਚੀਨ ਨੂੰ ਪਹਿਲ ਦਿੱਤੀ ਸੀ। ਹੁਣ ਤਾਰਿਕ ਰਹਿਮਾਨ ਦੀ ਅਗਵਾਈ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਭਾਰਤ ਨਾਲ ਰਿਸ਼ਤੇ ਸਥਿਰ ਕਰਨ ਨੂੰ ਆਪਣੀ ਮੁੱਖ ਤਰਜੀਹ ਬਣਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News