ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ ''ਤੇ ਢਾਹਿਆ ਕਹਿਰ ! ਵਰ੍ਹਾਇਆ ਮਿਜ਼ਾਈਲਾਂ ਤੇ ਡਰੋਨਾਂ ਦਾ ਮੀਂਹ
Sunday, Feb 22, 2026 - 04:48 PM (IST)
ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਵਿਚਾਲੇ ਚੱਲ ਰਹੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸੇ ਦੌਰਾਨ ਰੂਸ ਨੇ ਐਤਵਾਰ ਨੂੰ ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਆਸ-ਪਾਸ ਦੇ ਇਲਾਕਿਆਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜ਼ਬਰਦਸਤ ਹਮਲਾ ਕੀਤਾ। ਯੂਕ੍ਰੇਨ ਦੀ ਐਮਰਜੈਂਸੀ ਸੇਵਾ ਅਨੁਸਾਰ, ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ।
ਕੀਵ ਦੇ ਉਪਨਗਰਾਂ ਵਿੱਚ ਰੂਸੀ ਹਮਲੇ ਕਾਰਨ ਕਈ ਇਮਾਰਤਾਂ ਢਹਿ ਗਈਆਂ। ਬਚਾਅ ਕਰਮੀਆਂ ਨੇ ਮਲਬੇ ਹੇਠ ਦੱਬੇ ਹੋਏ ਇੱਕ ਬੱਚੇ ਸਮੇਤ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਫਾਸਟਿਵ ਜ਼ਿਲ੍ਹੇ ਦੇ ਪੁਤਰੀਵਕਾ ਪਿੰਡ ਵਿੱਚ ਅਜੇ ਵੀ ਬਚਾਅ ਕਾਰਜ ਜਾਰੀ ਹਨ। ਕੀਵ ਦੇ ਪੰਜ ਪ੍ਰਮੁੱਖ ਜ਼ਿਲ੍ਹੇ- ਓਬੂਖਿਵ, ਬਰੋਵਰੀ, ਬੋਰਿਸਪਿਲ, ਬੁਚਾ ਅਤੇ ਫਾਸਟਿਵ ਇਸ ਹਮਲੇ ਦਾ ਨਿਸ਼ਾਨਾ ਬਣੇ ਹਨ, ਜਿੱਥੇ ਕਈ ਥਾਵਾਂ 'ਤੇ ਅੱਗ ਲੱਗ ਗਈ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।
ਰੂਸ ਨੇ ਦੱਖਣੀ ਓਡੇਸਾ ਖੇਤਰ ਵਿੱਚ ਯੂਕ੍ਰੇਨ ਦੇ ਬਿਜਲੀ ਅਤੇ ਊਰਜਾ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਕਾਰਨ ਇਲਾਕੇ ਵਿੱਚ ਭਿਆਨਕ ਅੱਗ ਲੱਗ ਗਈ, ਜਿਸ 'ਤੇ ਬਾਅਦ ਵਿੱਚ ਕਾਬੂ ਪਾ ਲਿਆ ਗਿਆ। ਜੰਗ ਦੇ ਚੌਥੇ ਸਾਲ ਵਿੱਚ ਦਾਖਲ ਹੋਣ ਦੌਰਾਨ ਰੂਸ ਨੇ ਯੂਕ੍ਰੇਨ ਦੇ ਪਾਵਰ ਗਰਿੱਡਾਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਕੜਾਕੇ ਦੀ ਠੰਢ ਵਿੱਚ ਬਿਜਲੀ ਅਤੇ ਹੀਟਿੰਗ ਸਪਲਾਈ ਠੱਪ ਹੋਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਵਧ ਗਈਆਂ ਹਨ। ਯੂਕ੍ਰੇਨ ਸਰਕਾਰ ਨੇ ਇਸ ਨੂੰ ਨਿਰਦੋਸ਼ ਨਾਗਰਿਕਾਂ 'ਤੇ ਕੀਤਾ ਗਿਆ ਕਾਇਰਾਨਾ ਹਮਲਾ ਕਰਾਰ ਦਿੱਤਾ ਹੈ।
