ਯੁਕਰੇਨ ''ਚ ਹਸਪਤਾਲਾਂ ਦੀ ਮਾੜੀ ਸਥਿਤੀ, ਡਾਕਟਰਾਂ ਨੂੰ ਖੁਦ ਹੀ ਠੀਕ ਕਰਨੀਆਂ ਪੈਂਦੀਆਂ ਨੇ ਮਸ਼ੀਨਾਂ

Tuesday, May 19, 2020 - 09:35 AM (IST)

ਯੁਕਰੇਨ ''ਚ ਹਸਪਤਾਲਾਂ ਦੀ ਮਾੜੀ ਸਥਿਤੀ, ਡਾਕਟਰਾਂ ਨੂੰ ਖੁਦ ਹੀ ਠੀਕ ਕਰਨੀਆਂ ਪੈਂਦੀਆਂ ਨੇ ਮਸ਼ੀਨਾਂ

ਕੀਵ- ਯੁਕਰੇਨ ਦੀ ਵਿਗੜ ਰਹੀ ਸਿਹਤ ਵਿਵਸਥਾ ਕਾਰਨ ਡਾਕਟਰਾਂ ਤੋਂ ਲੈ ਕੇ ਮਰੀਜ਼ਾਂ ਤੱਕ ਲਈ ਪ੍ਰੇਸ਼ਾਨੀਆਂ ਵੱਧ ਰਹੀਆਂ ਹਨ। ਹਸਪਤਾਲਾਂ ਵਿਚ ਟੁੱਟੇ ਹੋਏ ਘਟੀਆ ਉਪਕਰਣਾਂ ਕਾਰਨ ਮਰੀਜ਼ਾਂ ਦੀ ਜਾਨ ਹਮੇਸ਼ਾ ਖਤਰੇ ਵਿਚ ਬਣੀ ਰਹਿੰਦੀ ਹੈ। ਹਸਪਤਾਲਾਂ ਦਾ ਬਜਟ ਕਾਫੀ ਘੱਟ ਹੋਣ ਕਾਰਨ ਪੁਰਾਣੇ ਉਪਕਰਣਾਂ ਤੋਂ ਹੀ ਕੰਮ ਚਲਾਉਣਾ ਪੈ ਰਿਹਾ ਹੈ।  ਯੁਕਰੇਨ ਦੇ ਇਕ ਡਾਕਟਰ ਮੁਤਾਬਕ ਇੱਥੇ ਸਥਿਤੀ ਇੰਨੀ ਖਰਾਬ ਹੈ ਕਿ ਕਦੇ-ਕਦੇ ਤਾਂ ਰੋਗੀਆਂ ਨੂੰ ਸਾਹ ਦੇਣ ਵਾਲੀ ਮਸ਼ੀਨ ਵਿਚ ਹੀ ਟੁੱਟ ਜਾਂਦੀ ਹੈ ਅਤੇ ਫਿਰ ਮਰੀਜ਼ ਦੀ ਜਾਨ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। 
ਸਿਰਫ ਇੱਥੇ ਨਹੀਂ, ਇਸ ਮਸ਼ੀਨ ਨੂੰ ਠੀਕ ਕਰਾਉਣਾ ਹੈ ਤਾਂ ਉਸ ਦੇ ਲਈ ਵੀ ਡਾਕਟਰ ਨੂੰ ਹੀ ਇਲੈਕਟ੍ਰੀਸ਼ਨ ਜਾਂ ਮਕੈਨਿਕ ਨੂੰ ਲੱਭਣ ਜਾਣਾ ਪੈਂਦਾ ਹੈ ਤਾਂ ਕਿ ਜਲਦੀ ਤੋਂ ਜਲਦੀ ਸਥਿਤੀ ਨੂੰ ਠੀਕ ਕੀਤਾ ਜਾ ਸਕੇ। ਕਦੇ-ਕਦੇ ਇਲੈਕਟ੍ਰੀਸ਼ੀਅਨ ਨਾ ਮਿਲਣ 'ਤੇ ਡਾਕਟਰ ਨੂੰ ਹੀ ਇਸ ਦੀ ਮੁਰੰਮਤ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਯੁਕਰੇਨ ਦੇ ਪੱਛਮੀ ਸ਼ਹਿਰ ਚੇਰਨੀਤਸੀ ਦੇ ਇਕ ਹਸਪਤਾਲ ਵਿਚ ਇਲਾਜ ਕਰ ਰਹੇ ਡਾਕਟਰ ਕੋਬੇਵਕੋ ਨੇ ਦੱਸਿਆ ਕਿ ਉਹ ਇਸ ਹਸਪਤਾਲ ਦੇ ਇਕੋ-ਇਕ ਵਾਇਰਸ ਰੋਗ ਮਾਹਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਪਹਿਲਾਂ ਤਕਰੀਬਨ 60 ਮਰੀਜ਼ ਆਉਂਦੇ ਸਨ, ਹੁਣ 100 ਤੋਂ ਵਧੇਰੇ ਮਰੀਜ਼ ਆਉਣ ਲੱਗੇ ਹਨ। ਇੱਥੇ ਕੰਮ ਦਾ ਦਬਾਅ ਵਧੇਰੇ ਹੋ ਗਿਆ ਹੈ। 

ਉਨ੍ਹਾਂ ਕਿਹਾ ਕਿ ਟੁੱਟੇ ਹੋਏ ਜਾਂ ਘਟੀਆ ਉਪਕਰਣ, ਦਵਾਈਆਂ ਦੀ ਕਮੀ, ਘੱਟ ਮਜ਼ਦੂਰੀ, ਯੁਕਰੇਨ ਦੀ ਵਿਗੜਦੀ ਸਿਹਤ ਵਿਵਸਥਾ ਦੀ ਪੋਲ ਖੋਲ੍ਹ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਹਸਪਤਾਲਾਂ ਦੀ ਸਥਿਤੀ ਅਜਿਹੀ ਹੀ ਰਹੇਗੀ ਤਾਂ ਹੋਰ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਦੇ ਮਾਮਲੇ ਇਸ ਤੋਂ ਵੀ ਤੇਜ਼ੀ ਨਾਲ ਵਧਣ ਲੱਗਣਗੇ।  ਅਸਲ ਵਿਚ ਯੁਕਰੇਨ ਨੂੰ 6 ਸਾਲ ਤੱਕ ਰੂਸ ਸਮਰਥਿਤ ਵੱਖਵਾਦੀਆਂ ਨਾਲ ਯੁੱਧ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਸ ਦੀ ਅਰਥ ਵਿਵਸਥਾ ਹੋਰ ਕਮਜ਼ੋਰ ਹੋ ਗਈ। ਦੂਜੇ ਪਾਸੇ ਇਹ ਦੇਸ਼ ਭ੍ਰਿਸ਼ਟਾਚਾਰ ਕਾਰਨ ਗ੍ਰਸਤ ਹੈ। 

ਦੱਸ ਦਈਏ ਕਿ ਯੁਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜੇਲੇਂਸਕੀ ਨੂੰ ਖਰਾਬ ਸਿਹਤ ਵਿਵਸਥਾ ਵਿਰਾਸਤ ਵਿਚ ਮਿਲੀ ਸੀ। ਇਸ ਲਈ ਦੇਸ਼ ਵਿਚ ਸਿਹਤ ਵਿਵਸਥਾ ਕਾਫੀ ਖਰਾਬ ਹੈ। ਕੁੱਝ ਹਸਪਤਾਲਾਂ ਵਿਚ ਤਾਂ ਆਕਸੀਜਨ ਦੇ ਬੈਗ ਵੀ ਨਰਸਾਂ ਨੂੰ ਆਪ ਹੀ ਭਰਨੇ ਪੈਂਦੇ ਹਨ। ਡਾਕਟਰਾਂ ਮੁਤਾਬਕ ਕਈ ਵਾਰ ਸਥਿਤੀ ਇੰਨੀ ਕੁ ਖਰਾਬ ਹੁੰਦੀ ਹੈ ਕਿ ਮਰੀਜ਼ ਆਪਣੇ ਸਾਹਾਂ ਦੀ ਭੀਖ ਮੰਗਦੇ ਹਨ। ਇਕ ਮਰੀਜ਼ ਕੋਲ ਆਕਸੀਜਨ ਬੈਗ ਲੈ ਜਾਂਦੇ ਹਾਂ ਤਾਂ ਦੂਜਾ ਰੌਲਾ ਪਾਉਣ ਲੱਗ ਜਾਂਦਾ ਹੈ ਕਿ ਉਸ ਨੂੰ ਵੀ ਇਸ ਦੀ ਜ਼ਰੂਰਤ ਹੈ। ਘਟੀਆ ਅਰਥ-ਵਿਵਸਥਾ ਕਾਰਨ ਡਾਕਟਰ ਤੇ ਨਰਸਾਂ ਵੀ ਲਪੇਟ ਵਿਚ ਆ ਰਹੇ ਹਨ। ਇੱਥੇ ਪੀੜਤਾਂ ਦੀ ਗਿਣਤੀ 18 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 535 ਹੋ ਗਈ ਹੈ। 


author

Lalita Mam

Content Editor

Related News