ਹੈਂ...! ਟ੍ਰੈਵਲ ਏਜੰਟ ਨਾਲ ਹੀ ਵੱਜ ਗਈ 36,00,000 ਰੁਪਏ ਦੀ ਠੱਗੀ

Wednesday, Nov 12, 2025 - 02:14 PM (IST)

ਹੈਂ...! ਟ੍ਰੈਵਲ ਏਜੰਟ ਨਾਲ ਹੀ ਵੱਜ ਗਈ 36,00,000 ਰੁਪਏ ਦੀ ਠੱਗੀ

ਲੁਧਿਆਣਾ (ਤਰੁਣ): ਵਿਦੇਸ਼ ਜਾਣ ਦੇ ਚਾਹਵਾਨ ਵੱਖ-ਵੱਖ ਤਰੀਕਿਆਂ ਨਾਲ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੁੰਦੇ ਹਨ। ਪਰ ਇਸ ਵਾਰ ਖੁਦ ਏਜੰਟ ਯੂ.ਕੇ. ਵਿਚ ਬੈਠੇ ਇਕ ਵਿਅਕਤੀ ਦਾ ਸ਼ਿਕਾਰ ਹੋ ਗਿਆ। ਏਜੰਟ ਨੇ 2 ਔਰਤਾਂ ਨੂੰ ਯੂ.ਕੇ ਵਿਚ ਕੇਅਰ ਟੇਕਰ ਦੀ ਨੌਕਰੀ ਦੇਣ ਦਾ ਵਾਅਦਾ ਕੀਤਾ, ਪਰ ਯੂ.ਕੇ. ਵਿਚ ਬੈਠੇ ਵਿਅਕਤੀ ਨੇ ਏਜੰਟ ਤੋਂ 36 ਲੱਖ ਰੁਪਏ ਲੈ ਲਏ ਤੇ ਫ਼ਿਰ ਨਾ ਔਰਤਾਂ ਨੂੰ ਯੂ.ਕੇ. ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਕਬੱਡੀ ਖਿਡਾਰੀ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸੇ

ਜਿਸ ਤੋਂ ਬਾਅਦ ਏਜੰਟ ਨੇ ਦਸਤਾਵੇਜ਼ਾਂ ਸਮੇਤ ਪੁਲਸ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਅਤੇ ਆਪਣੀ ਜੇਬ ਵਿਚੋਂ ਦੋਹਾਂ ਔਰਤਾਂ ਨੂੰ ਪੈਸੇ ਵਾਪਸ ਕੀਤੇ। ਇਕ ਸਾਲ ਦੀ ਜਾਂਚ ਤੋਂ ਬਾਅਦ, ਪੁਲਸ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਐਜੂਕੇਸ਼ਨ ਓਵਰਸੀਜ਼ ਕੰਸਲਟੈਂਟ, ਗੁਰਦੇਵ ਨਗਰ ਮਲ੍ਹਾਰ ਰੋਡ ਦੇ ਮਾਲਕ ਹਰਜੀਤ ਸਿੰਘ ਦੀ ਸ਼ਿਕਾਇਤ 'ਤੇ ਰਾਜ ਕੁਮਾਰ ਉਰਫ ਰੌਕੀ, ਉਸ ਦੇ ਭਰਾ ਅਸ਼ੋਕ ਕੁਮਾਰ (ਨਿਵਾਸੀ ਸਾਧੂ ਸੁੰਦਰ ਸਿੰਘ ਕਲੋਨੀ, ਈਸ਼ਾ ਨਗਰੀ) ਅਤੇ ਅਭਿਸ਼ੇਕ ਨਥੈਨੀਅਲ ਖਿਲਾਫ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਪੀੜਤ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਮੁੱਖ ਦੋਸ਼ੀ ਰਾਜ ਕੁਮਾਰ ਉਰਫ ਰੌਕੀ ਉਸੇ ਕੋਲ ਨੌਕਰੀ ਕਰਦਾ ਸੀ। 2 ਸਾਲ ਪਹਿਲਾਂ ਉਹ ਨੌਕਰੀ ਛੱਡ ਕੇ ਯੂ.ਕੇ. ਚਲਾ ਗਿਆ। ਯੂ.ਕੇ. ਜਾਣ ਤੋਂ ਬਾਅਦ ਵੀ ਉਹ ਉਸ ਦੇ ਸੰਪਰਕ ਵਿਚ ਸੀ। ਰਾਜੂ ਨੇ ਉਸ ਨੂੰ ਕਿਹਾ ਕਿ ਯੂ.ਕੇ. ਵਿਚ ਉਸ ਦੀ ਚੰਗੀ ਜਾਣ-ਪਛਾਣ ਹੋ ਗਈ ਹੈ ਅਤੇ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਦੇ ਕੇਸ ਉਸ ਨੂੰ ਦਿੱਤੇ ਜਾਣ। ਪੁਰਾਣੀ ਜਾਣ-ਪਛਾਣ ਹੋਣ ਕਾਰਨ ਉਸ ਨੂੰ ਰਾਜੂ 'ਤੇ ਭਰੋਸਾ ਸੀ। ਉਸ ਨੇ ਦੱਸਿਆ ਕਿ ਯੂ.ਕੇ. ਵਿਚ ਕੇਅਰ ਟੇਕਰ ਦੀ ਨੌਕਰੀ ਉਪਲਬਧ ਹੈ। ਉਸ ਦੀ ਕੰਸਲਟੈਂਟ ਕੰਪਨੀ ਵਿਚ 2 ਔਰਤਾਂ ਜਸਲੀਨ ਕੌਰ ਅਤੇ ਜਸ਼ਨਦੀਪ ਕੌਰ ਨੇ ਵਿਦੇਸ਼ ਜਾਣ ਲਈ ਉਸ ਨਾਲ ਸੰਪਰਕ ਕੀਤਾ। ਦੋਹਾਂ ਔਰਤਾਂ ਨੇ ਯੂ.ਕੇ. ਜਾਣ ਬਦਲੇ ਉਸ ਨੂੰ 18-18 (ਕੁੱਲ 36 ਲੱਖ) ਲੱਖ ਰੁਪਏ ਦਿੱਤੇ।

ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! CM ਮਾਨ ਨੇ ਸੱਦ ਲਈ ਪੰਜਾਬ ਕੈਬਨਿਟ ਦੀ ਮੀਟਿੰਗ

ਉਸ ਨੇ 36 ਲੱਖ ਰੁਪਏ ਰਾਜੂ, ਅਸ਼ੋਕ ਅਤੇ ਅਭਿਸ਼ੇਕ ਨੂੰ ਨਕਦ ਅਤੇ ਬੈਂਕ ਖਾਤੇ ਰਾਹੀਂ ਦਿੱਤੇ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਰਾਜੂ ਨੇ ਨਾ ਤਾਂ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਜਦੋਂ ਵਿਦੇਸ਼ ਜਾਣ ਦੀਆਂ ਚਾਹਵਾਨ ਔਰਤਾਂ ਨੇ ਕੰਮ ਨਾ ਹੋਣ 'ਤੇ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਉਕਤ ਦੋਹਾਂ ਔਰਤਾਂ ਨੂੰ ਆਪਣੇ ਕੋਲੋਂ ਪੈਸੇ ਵਾਪਸ ਕੀਤੇ। ਪੀੜਤ ਹਰਜੀਤ ਸਿੰਘ ਦਾ ਦੋਸ਼ ਹੈ ਕਿ ਰਾਜੂ ਨੇ ਸਾਜ਼ਿਸ਼ ਤਹਿਤ ਯੋਜਨਾ ਬਣਾ ਕੇ ਉਸ ਨਾਲ ਠੱਗੀ ਮਾਰੀ ਹੈ।

ਮੁੱਖ ਦੋਸ਼ੀ ਬਰਮਿੰਘਮ ਸ਼ਹਿਰ ਵਿਚ ਬੈਠਾ ਹੈ

ਪੀੜਤ ਹਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਰਾਜ ਕੁਮਾਰ ਉਰਫ ਰਾਜੂ ਇਸ ਸਮੇਂ ਯੂ.ਕੇ. ਦੇ ਬਰਮਿੰਘਮ ਸ਼ਹਿਰ ਵਿਚ ਬੈਠਾ ਹੈ। ਜੋ ਕਈ ਹੋਰ ਲੋਕਾਂ ਨੂੰ ਵੀ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3-4 ਕਰੋੜ ਰੁਪਏ ਹੜੱਪ ਚੁੱਕਾ ਹੈ। ਇਸ ਵਿਚ ਅਸ਼ੋਕ ਕੁਮਾਰ ਅਤੇ ਅਭਿਸ਼ੇਕ ਕੁਮਾਰ ਉਸ ਦੇ ਸਹਿਯੋਗੀ ਹਨ। ਜਾਂਚ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਸਾਜ਼ਿਸ਼ ਤਹਿਤ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦੋਸ਼ੀਆਂ ਨੇ ਧੋਖਾਧੜੀ ਕੀਤੀ ਹੈ। ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਸਥਾਨਕ ਦੋਸ਼ੀ ਅਸ਼ੋਕ ਅਤੇ ਅਭਿਸ਼ੇਕ ਦੀ ਪੁਲਸ ਭਾਲ ਕਰ ਰਹੀ ਹੈ, ਜਦਕਿ ਰਾਜੂ ਨੂੰ ਯੂ.ਕੇ. ਤੋਂ ਲਿਆਉਣ ਦੀ ਪ੍ਰਕਿਰਿਆ ਬਾਰੇ ਸਾਰੀ ਜਾਣਕਾਰੀ ਪੁਲਸ ਉੱਚ ਅਧਿਕਾਰੀਆਂ ਕੋਲ ਹੈ।

 


author

Anmol Tagra

Content Editor

Related News