ਪ੍ਰਿੰਸ ਵਿਲੀਅਮ ਅਤੇ ਕੇਟ ਇਸ ਸਾਲ ਕਰਨਗੇ ਪਾਕਿਸਤਾਨ ਦਾ ਦੌਰਾ

Monday, Jul 01, 2019 - 02:51 PM (IST)

ਪ੍ਰਿੰਸ ਵਿਲੀਅਮ ਅਤੇ ਕੇਟ ਇਸ ਸਾਲ ਕਰਨਗੇ ਪਾਕਿਸਤਾਨ ਦਾ ਦੌਰਾ

ਲੰਡਨ (ਭਾਸ਼ਾ)— ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਇਸ ਸਾਲ ਦੇ ਅਖੀਰ ਵਿਚ ਪਾਕਿਸਤਾਨ ਦੀ ਆਪਣੀ ਪਹਿਲੀ ਅਧਿਕਾਰਕ ਯਾਤਰਾ ਕਰਨਗੇ। 13 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਸ਼ਾਹੀ ਪਰਿਵਾਰ ਦੀ ਇਹ ਪਹਿਲੀ ਪਾਕਿਸਤਾਨ ਯਾਤਰਾ ਹੋਵੇਗੀ। ਇਹ ਜਾਣਕਾਰੀ ਕੈਸਿੰਗਟਨ ਪੈਲੇਸ ਨੇ ਦਿੱਤੀ। ਇਹ ਯਾਤਰਾ ਸਤੰਬਰ ਅਤੇ ਨਵੰਬਰ ਦੇ ਵਿਚ ਹੋਣ ਦੀ ਆਸ ਹੈ। 

ਕੁਝ ਬ੍ਰਿਟਿਸ਼ ਮੀਡੀਆ ਰਿਪੋਰਟਾਂ ਮੁਤਾਬਕ,''ਡਿਊਕ ਅਤੇ ਡਚੇਸ ਆਫ ਕੈਮਬ੍ਰਿਜ ਪਾਕਿਸਤਾਨ ਵਿਚ ਅੱਤਵਾਦੀ ਖਤਰੇ ਦੇ ਮੱਦੇਨਜ਼ਰ ਹਫਤੇ ਭਰ ਦੀ ਯਾਤਰਾ ਤੋਂ ਪਹਿਲਾਂ ਪ੍ਰਤੀਕਰਮ ਮਾਹੌਲ ਸਿਖਲਾਈ ਲੈ ਸਕਦੇ ਹਨ। ਫਿਲਹਾਲ ਯਾਤਰਾ ਦੇ ਵੇਰਵੇ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਪਰ ਪੈਲੇਸ ਨੇ ਪੁਸ਼ਟੀ ਕੀਤੀ ਕਿ ਇਹ ਯਾਤਰਾ ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ (ਐੱਫ.ਸੀ.ਓ.) ਦੀ ਅਪੀਲ 'ਤੇ ਕੀਤੀ ਜਾ ਰਹੀ ਹੈ। ਕੈਸਿੰਗਟਨ ਪੈਲੇਸ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ,''ਡਿਊਕ ਅਤੇ ਡਚੇਸ ਆਫ ਕੈਮਬ੍ਰਿਜ ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੀ ਅਪੀਲ 'ਤੇ ਇਸ ਸਾਲ ਸਰਦ ਰੁੱਤ ਵਿਚ ਪਾਕਿਸਤਾਨ ਦੀ ਅਧਿਕਾਰਕ ਯਾਤਰਾ ਕਰਨਗੇ। ਅੱਗੇ ਦੀ ਜਾਣਕਾਰੀ ਉਚਿਤ ਸਮੇਂ 'ਤੇ ਦਿੱਤੀ ਜਾਵੇਗੀ।'' 

ਵਿਲੀਅਮ ਅਤੇ ਕੇਟ ਪਾਕਿਸਤਾਨ ਵਿਚ ਇਸਲਾਮਾਬਾਦ, ਲਾਹੌਰ, ਕਵੇਟਾ, ਕਰਾਚੀ ਅਤੇ ਪਿਸ਼ਾਵਰ ਦੇ ਇਲਾਵਾ ਦੇਸ਼ ਦੇ ਕੁਝ ਪੇਂਡੂ ਖੇਤਰਾਂ ਦੀ ਯਾਤਰਾ ਕਰ ਸਕਦੇ ਹਨ। ਬ੍ਰਿਟੇਨ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਮੁਹੰਮਦ ਨਫੀਸ ਜ਼ਕਾਰੀਆ ਨੇ ਕਿਹਾ,''ਆਉਣ ਵਾਲੇ ਸਮੇਂ ਵਿਚ ਹੋਣ ਵਾਲੀ ਇਹ ਸ਼ਾਹੀ ਯਾਤਰਾ ਬ੍ਰਿਟੇਨ ਅਤੇ ਪਾਕਿਸਤਾਨ ਵਿਚਾਲੇ ਸੰਬੰਧਾਂ ਦੇ ਮਹੱਤਵ ਨੂੰ ਦਰਸਾਉਂਦੀ ਹੈ। ਦੋਹਾਂ ਦੇਸ਼ਾਂ ਦੇ ਇਤਿਹਾਸਿਕ ਸੰਬੰਧ ਹਨ ਜਿਸ ਨੂੰ ਦੋਵੇਂ ਦੇਸ਼ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ।'' 

ਪਾਕਿਸਤਾਨ ਕਾਮਨਵੈਲਥ ਦਾ ਮੈਂਬਰ ਵੀ ਹੈ। ਵਿਲੀਅਮ ਅਤੇ ਕੇਟ ਦਾ ਇਹ ਦੌਰਾ ਪਾਕਿਸਤਾਨ ਦੀ ਆਖਰੀ ਸ਼ਾਹੀ ਯਾਤਰਾ ਦੇ 13 ਸਾਲ ਬਾਅਦ ਹੋਵੇਗਾ। ਜ਼ਿਕਰਯੋਗ ਹੈ ਕਿ ਵਿਲੀਅਮ ਦੇ ਪਿਤਾ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਡਚੇਸ ਆਫ ਕੌਰਨਵਾਲ ਕੈਮਿਲਾ ਨੇ ਸਾਲ 2006 ਵਿਚ ਪਾਕਿਸਤਾਨ ਦੀ ਯਾਤਰਾ ਕੀਤੀ ਸੀ।


author

Vandana

Content Editor

Related News