ਬ੍ਰਿਟੇਨ ਨੇ ਕਤਲ ਦੇ ਦੋਸ਼ੀ ਭਾਰਤੀ ਜੋੜੇ ਨੂੰ ਭਾਰਤ ਹਵਾਲੇ ਕਰਨ ਤੋਂ ਕੀਤਾ ਇਨਕਾਰ

Sunday, Jul 07, 2019 - 08:10 PM (IST)

ਬ੍ਰਿਟੇਨ ਨੇ ਕਤਲ ਦੇ ਦੋਸ਼ੀ ਭਾਰਤੀ ਜੋੜੇ ਨੂੰ ਭਾਰਤ ਹਵਾਲੇ ਕਰਨ ਤੋਂ ਕੀਤਾ ਇਨਕਾਰ

ਲੰਡਨ— ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਹਵਾਲਗੀ ਹੁਕਮ ਖਿਲਾਫ ਬ੍ਰਿਟੇਨ ਹਾਈ ਕੋਰਟ 'ਚ ਅਪੀਲ ਕਰਨ ਦੀ ਆਗਿਆ ਮਿਲਣ ਤੋਂ ਬਾਅਦ ਭਾਰਤ ਨੂੰ ਉਸ ਵੇਲੇ ਇਕ ਹੋਰ ਝਟਕਾ ਲੱਗਿਆ ਜਦੋਂ ਇਥੋਂ ਦੀ ਇਕ ਅਦਾਲਤ ਨੇ ਕਤਲ ਦੇ ਇਕ ਮਾਮਲੇ 'ਚ ਭਾਰਤੀ ਜੋੜੇ ਨੂੰ ਭਾਰਤ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ।

ਭਾਰਤੀ ਬੈਂਕਾਂ ਦੇ 9000 ਕਰੋੜ ਰੁਪਏ ਦੀ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਦੇ ਦੋਸ਼ੀ ਮਾਲਿਆ ਨੇ ਆਪਣੇ ਮਾਮਲੇ 'ਚ ਦੂਜਾ ਮੌਕਾ ਮਿਲਣ ਦਾ ਸਵਾਗਤ ਕੀਤਾ ਹੈ। ਅਸਲ 'ਚ ਯੂਕੇ ਹਾਈਕੋਰਟ ਨੇ ਭਾਰਤੀ ਅਧਿਕਾਰੀਆਂ ਵਲੋਂ ਪੇਸ਼ ਕੀਤੇ ਗਏ ਪਹਿਲੇ ਮਾਮਲੇ ਦੇ ਆਧਾਰ 'ਤੇ ਕਿੰਗਫਿਸ਼ਰ ਏਅਰਲਾਈਨ ਦੇ ਸਾਬਕਾ ਮਾਲਕ ਮਾਲਿਆ ਨੂੰ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੇ ਖਿਲਾਫ ਅਪੀਲ ਦੀ ਆਗਿਆ ਦਿੱਤੀ ਹੈ। ਇਸ ਵਿਚਾਲੇ ਉਸੇ ਦਿਨ ਦੋ ਜੁਲਾਈ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਦੀ ਮੁੱਖ ਮੈਜਿਸਟ੍ਰੇਟ ਐਮਾ ਆਰਬੁਥਨਾਟ ਨੇ ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕ ਆਰਤੀ ਧੀਰ ਤੇ ਉਨ੍ਹਾਂ ਦੇ ਪਤੀ ਕਵਲ ਰਾਏਜਾਦਾ ਨਾਲ ਜੁੜੇ ਇਕ ਮਾਮਲੇ 'ਚ ਆਪਣਾ ਫੈਸਲਾ ਸੁਣਾਇਆ ਸੀ। ਇਹ ਜੋੜਾ ਭਾਰਤ 'ਚ ਆਪਣੇ 11 ਸਾਲਾ ਗੋਦ ਲਏ ਪੁੱਤਰ ਗੋਪਾਲ ਤੇ ਇਕ ਕਰੀਬੀ ਰਿਸ਼ਤੇਦਾਰ ਦੇ ਕਤਲ ਦੇ ਮਾਮਲੇ 'ਚ ਲੋੜੀਂਦੇ ਹਨ। 

ਜੱਜ ਆਰਬੁਥਨਾਟ ਨੇ ਮਨੁੱਖੀ ਅਧਿਕਾਰਾਂ 'ਤੇ ਯੂਰਪੀ ਸਮਝੌਤੇ ਦੇ ਅਨੁਛੇਦ ਤਿੰਨ ਦੇ ਤਹਿਤ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਧੀਰ ਤੇ ਰਾਏਜਾਦਾ ਨੂੰ ਹਵਾਲਗੀ ਤੋਂ ਰਾਹਤ ਪ੍ਰਦਾਨ ਕਰ ਦਿੱਤੀ ਹੈ। ਇਸ ਜੋੜੇ ਦੇ ਖਿਲਾਫ ਆਪਣੇ ਗੋਦ ਲਏ ਪੁੱਤਰ ਗੋਪਾਲ ਸੇਜਾਨੀ ਤੇ ਕਰੀਬੀ ਰਿਸ਼ਤੇਦਾਰ ਹਰਸੁਖਭਾਈ ਕਰਦਾਨੀ ਦੀ ਭਾਰਤ 'ਚ ਫਰਵਰੀ 2017 'ਚ ਕਤਲ ਦਾ ਦੋਸ਼ ਹੈ। ਗੁਜਰਾਤ ਪੁਲਸ ਦੀ ਜਾਂਚ 'ਚ ਦਾਅਵਾ ਕੀਤਾ ਗਿਆ ਸੀ ਕਿ ਦੋਸ਼ੀਆਂ ਨੇ ਗੋਪਾਲ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਤੇ ਉਸ ਦਾ ਕਤਲ ਕਰਨ ਤੋਂ ਪਹਿਲਾਂ ਉਸ ਦਾ 1.3 ਕਰੋੜ ਰੁਪਏ ਦਾ ਬੀਮਾ ਕਰਵਾਇਆ ਸੀ। ਜੱਜ ਨੇ ਕਿਹਾ ਕਿ ਮੇਰੀ ਜਾਣਕਾਰੀ ਮੁਤਾਬਕ ਜੇਕਰ ਧੀਰ ਤੇ ਰਾਏਜਾਦਾ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਨਾ ਬਦਲੇ ਜਾ ਸਕਣ ਵਾਲੀ ਸਜ਼ਾ ਮਿਲ ਜਾਵੇਗੀ, ਜੋ ਕਿ ਗੈਰ ਮਨੁੱਖੀ ਹੈ ਤੇ ਗਲਤ ਹੋਵੇਗਾ। ਇਹ ਅਨੁਛੇਦ 3 ਦਾ ਉਲੰਘਣ ਹੋਵੇਗਾ।

ਧੀਰ ਤੇ ਰਾਏਜਾਦਾ ਨੂੰ ਜੂਨ 2017 'ਚ ਬ੍ਰਿਟੇਨ 'ਚ ਇਕ ਵਾਰੰਟ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਸ਼ਰਤਾਂ 'ਤੇ ਮਿਲੀ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਲੰਡਨ 'ਚ ਰਹਿਣ ਵਾਲੇ ਇਨ੍ਹਾਂ ਦੋਵਾਂ ਨੇ ਕਥਿਤ ਰੂਪ ਨਾਲ ਗੋਪਾਲ ਨੂੰ ਗੋਦ ਲਿਆ ਸੀ ਤੇ ਉਸ ਦਾ ਜੀਵਨ ਬੀਮਾ ਕਰਵਾਇਆ ਸੀ। ਇਸ ਤੋਂ ਬਾਅਦ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਰਾਜਕੋਟ ਦੇ ਨੇੜੇ 11 ਫਰਵਰੀ 2017 'ਚ ਗੋਪਾਲ 'ਤੇ ਹਮਲਾ ਕੀਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਕਰਦਾਨੀ ਨੇ ਗੋਪਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਦੌਰਾਨ ਉਸ 'ਤੇ ਵੀ ਚਾਕੂ ਨਾਲ ਹਮਲਾ ਕੀਤਾ ਗਿਆ ਤੇ ਕੁਝ ਦਿਨ ਬਾਅਦ ਉਸ ਦੀ ਵੀ ਮੌਤ ਹੋ ਗਈ।


author

Baljit Singh

Content Editor

Related News