ਯੂ. ਕੇ. : ਲੱਖਾਂ ਲੋਕਾਂ ਦੇ ਕੰਮ ਖੁੱਸਣ ਕਿਨਾਰੇ, ਐੱਮ. ਪੀ. ਲੈਣਗੇ ਤਨਖ਼ਾਹ ਵਾਧੇ ਦੇ ਨਜ਼ਾਰੇ

10/11/2020 2:19:24 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਵਿਚ ਸਾਲ ਦੇ ਅਖੀਰ ਤੱਕ ਲੱਖਾਂ ਲੋਕਾਂ ਦੇ ਰੁਜ਼ਗਾਰ ਖੁੱਸਣ ਦੀ ਨੌਬਤ ਬਣੀ ਹੋਈ ਹੈ ਪਰ ਦੂਜੇ ਪਾਸੇ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤੇ ਜਾਣ ਦੀ ਤਜਵੀਜ਼ ਪੇਸ਼ ਹੋਈ ਹੈ।

ਦੋ ਕਹਾਵਤਾਂ ਅਜੋਕੇ ਦੌਰ 'ਤੇ ਹੂ-ਬ-ਹੂ ਢੁੱਕਦੀਆਂ ਹਨ। ਪਹਿਲੀ ਇਹ ਕਿ "ਪਿੰਡ ਡੁੱਬਣ ਕਿਨਾਰੇ, ਕਮਲੀ ਨੂੰ ਕੋਠੇ ਲਿੱਪਣ ਦੀ" ਤੇ ਦੂਜੀ "ਕੋਈ ਮਰੇ ਤੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ"। ਸੁਤੰਤਰ ਸੰਸਦੀ ਮਿਆਰ ਅਥਾਰਟੀ ਨੇ ਤਜਵੀਜ਼ ਦਿੱਤੀ ਹੈ ਕਿ ਉਨ੍ਹਾਂ ਦੀਆਂ ਤਨਖਾਹਾਂ ਨੂੰ ਜਨਤਕ ਖੇਤਰ ਨਾਲ 3 ਮਹੀਨਿਆਂ ਦੇ ਸਾਲਾਨਾ ਵਾਧੇ ਦੇ ਅੰਕੜਿਆਂ ਨਾਲ ਜੋੜ ਕੇ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਕਿ ਘਰੋਂ ਕੰਮ ਕਰਦੇ ਐੱਮ. ਪੀ. ਆਪਣੀ ਸਾਲਾਨਾ ਤਨਖਾਹ 80,000 ਪੌਂਡ ਤੋਂ ਇਲਾਵਾ ਵਾਧੇ ਦੇ 3,360 ਪੌਂਡ ਵੀ ਹਾਸਲ ਕਰਨਗੇ। 

ਦੂਜੇ ਪਾਸੇ, ਰਾਸ਼ਟਰੀ ਅੰਕੜਾ ਦਫਤਰ ਦਾ ਕਹਿਣਾ ਹੈ ਕਿ ਮਾਰਚ ਤੋਂ ਅਗਸਤ ਮਹੀਨੇ ਤੱਕ ਲਗਭਗ 7 ਲੱਖ ਲੋਕ ਆਪਣੀਆਂ ਨੌਕਰੀਆਂ ਗੁਆ ਬੈਠੇ ਹਨ। ਕਾਰੋਬਾਰ ਬੰਦ ਹੋ ਰਹੇ ਹਨ ਤੇ ਆਰਥਿਕਤਾ ਡਾਵਾਂਡੋਲ ਹੋ ਰਹੀ ਹੈ। ਦੇਸ਼ ਦੇ ਵੱਖ ਵੱਖ ਸਹਿਰਾਂ ਵਿੱਚ ਸਥਾਨਕ ਤਾਲਾਬੰਦੀ ਅਤੇ 10 ਵਜੇ ਵਾਲੇ ਕਰਫਿਊ ਨੇ ਹੋਟਲ, ਰੈਸਟੋਰੈਂਟ, ਪੱਬ, ਕਲੱਬ, ਬਾਰਾਂ ਆਦਿ ਕਾਰੋਬਾਰਾਂ ਦਾ ਲੱਕ ਤੋੜ ਦਿੱਤਾ ਹੈ, ਜਿਸਦੇ ਸਿੱਟੇ ਵਜੋਂ ਇਸ ਸਾਲ ਦੇ ਅਖੀਰ ਤੱਕ ਲਗਭਗ 5 ਲੱਖ ਹੋਰ ਲੋਕ ਆਪਣੇ ਰੁਜ਼ਗਾਰ ਗੁਆ ਬੈਠਣਗੇ। ਬਿਜਨਿਸ ਮਨਿਸਟਰ ਨਦੀਮ ਜਾਹਵੀ ਦਾ ਕਹਿਣਾ ਹੈ ਕਿ ਉਹ ਆਪਣੀ ਤਨਖਾਹ ਵਾਧੇ ਦੀ ਰਕਮ ਚੈਰਿਟੀ ਨੂੰ ਦਾਨ ਕਰ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ "ਜਦੋਂ ਲੱਖਾਂ ਲੋਕਾਂ ਦਾ ਭਵਿੱਖ ਖਤਰੇ ਵਿੱਚ ਹੋਵੇ, ਅਜਿਹੇ ਸਮੇਂ ਸਾਂਸਦਾਂ ਦੀ ਤਨਖਾਹ ਵਿਚ ਵਾਧਾ ਠੀਕ ਨਹੀਂ ਹੈ।" ਟੈਕਸਪੇਅਰਜ਼ ਅਲਾਇੰਸ ਦੇ ਨੀਤੀ ਵਿਸ਼ਲੇਸ਼ਕ ਜੇਰੇਮੀ ਹੱਟਨ ਨੇ ਕਿਹਾ ਹੈ ਕਿ ਜਨਤਕ ਵਿਤ ਬੁਰੇ ਦੌਰ ਵਿਚ ਹੈ। ਫਰਲੋ ਸਕੀਮ ਖਤਮ ਹੋਣ ਜਾ ਰਹੀ ਹੈ ਤੇ ਦੇਸ਼ ਵਿੱਚ ਬੇਰੁਜ਼ਗਾਰੀ ਵੱਡੀ ਪੱਧਰ 'ਤੇ ਫੈਲਣ ਦਾ ਖਦਸ਼ਾ ਹੈ। ਅਜਿਹੇ ਮਾਹੌਲ ਵਿਚ ਪਾਰਲੀਮੈਂਟ ਵਿਚ ਤਨਖਾਹ ਵਾਧੇ ਨੂੰ ਵਿਚਾਰਿਆ ਜਾਣਾ ਉਨ੍ਹਾਂ ਟੈਕਸ ਅਦਾ ਕਰਨ ਵਾਲੇ ਲੋਕਾਂ ਦੀ ਤੌਹੀਨ ਹੈ, ਜੋ ਮਾੜੇ ਦੌਰ ਵਿਚੋਂ ਗੁਜ਼ਰ ਰਹੇ ਹਨ।
 


Lalita Mam

Content Editor

Related News