ਕੋਰੋਨਾ ਤਾਲਾਬੰਦੀ ਬਣੀ ਦੋ ਮਾਸੂਮ ਬੱਚਿਆਂ ਦੇ ਕਤਲ ਦੀ ਵਜ੍ਹਾ, ਪਿਓ ਨੇ ਮਾਰੇ ਆਪਣੇ ਬੱਚੇ
Saturday, Nov 07, 2020 - 05:45 PM (IST)
ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨੇ ਲੋਕਾਂ ਨੂੰ ਬੀਮਾਰ ਕਰਕੇ ਤਾਂ ਉਨ੍ਹਾਂ ਦੀਆਂ ਜਾਨਾਂ ਲਈਆਂ ਹੀ ਹਨ ਪਰ ਯੂ. ਕੇ. ਵਿਚ ਇਸ ਕਰਕੇ ਹੋਈ ਤਾਲਾਬੰਦੀ ਕਾਰਨ ਇਕ ਪਰੇਸ਼ਾਨ ਪਿਤਾ ਨੇ ਆਪਣੇ ਦੋ ਬੱਚਿਆਂ ਨੂੰ ਗਲਾ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਪੂਰਬੀ ਲੰਡਨ ਦੇ ਨਦਾਰਜਾ ਨਿਤਿਆਕੁਮਾਰ ਨੇ 26 ਅਪ੍ਰੈਲ ਨੂੰ ਘਰ ਵਿਚ ਆਪਣੀ 19 ਮਹੀਨੇ ਦੀ ਬੇਟੀ ਪਾਵਿਨਿਆ ਅਤੇ ਤਿੰਨ ਸਾਲ ਦੇ ਬੇਟੇ ਨਿਗਿਸ਼ 'ਤੇ ਚਾਕੂ ਨਾਲ ਹਮਲਾ ਕੀਤਾ ਸੀ, ਘਟਨਾ ਦੌਰਾਨ ਬੱਚਿਆਂ ਦੀ ਮਾਂ ਨਹਾ ਰਹੀ ਸੀ, ਜਿਸਨੇ ਬਾਅਦ ਵਿਚ ਪੁਲਸ ਨੂੰ ਸੂਚਿਤ ਕੀਤਾ ਸੀ। ਇਕ ਰਿਪੋਰਟ ਅਨੁਸਾਰ ਛੋਟੀ ਬੱਚੀ ਪਾਵਿਨਿਆ ਨੂੰ ਘਟਨਾ ਵਾਲੀ ਥਾਂ 'ਤੇ ਹੀ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ, ਜਦੋਂ ਕਿ ਨਿਗਿਸ਼ ਦਾ ਦਿਹਾਂਤ ਹਸਪਤਾਲ ਵਿੱਚ ਹੋਇਆ ਸੀ। ਇਸ 41 ਸਾਲਾ ਪਿਤਾ ਨਿਤਿਆਕੁਮਾਰ ਨੂੰ ਵੀ ਚਾਕੂ ਦੇ ਜ਼ਖਮਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਨਿਤਿਆਕੁਮਾਰ ਨੇ ਆਪਣਾ ਦੋਸ਼ ਕਬੂਲ ਕਰ ਲਿਆ ਸੀ।
ਇਕ ਦੁਕਾਨ ਵਿਚ ਕੰਮ ਕਰਨ ਵਾਲੇ ਇਸ ਵਿਅਕਤੀ ਨੇ ਕਿਹਾ ਕਿ ਉਹ ਉਦਾਸ ਸੀ ਅਤੇ ਦੁਕਾਨ ਵਿਚ ਕੰਮ ਕਰਦੇ ਸਮੇਂ ਗਾਹਕਾਂ ਵਲੋਂ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਪਹਿਲਾਂ ਉਸ ਨੇ ਆਪਣੇ-ਆਪ ਨੂੰ ਮਾਰਨ ਬਾਰੇ ਸੋਚਿਆ ਸੀ। ਵੀਰਵਾਰ ਨੂੰ ਦੋਸ਼ੀ ਓਲਡ ਬੇਲੀ ਵਿਚ ਜਸਟਿਸ ਕਟਸ ਸਾਹਮਣੇ ਪੇਸ਼ ਹੋਇਆ ਸੀ। ਅਦਾਲਤ ਵਿਚ ਉਸ ਦੇ ਵਕੀਲ ਡੰਕਨ ਐਟਕਿੰਸਨ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਮਾਨਸਿਕ ਰੋਗ ਤੋਂ ਪੀੜਤ ਹੈ ਅਤੇ ਇਸ ਸੰਬੰਧੀ ਮਨੋਚਿਕਿਤਸਕਾਂ ਦੀ ਰਾਇ ਸਪੱਸ਼ਟ ਵੀ ਹੈ ਅਤੇ ਜਸਟਿਸ ਕਟਸ ਨੇ ਇਸ ਬਾਰੇ ਸਹਿਮਤੀ ਜਤਾਉਦਿਆਂ ਸਜ਼ਾ 10 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਜੱਜ ਅਨੁਸਾਰ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਅਜੇ ਹੋਰ ਪੁਖਤਾ ਸਬੂਤਾਂ ਦੀ ਲੋੜ ਹੈ। ਨਿਤਿਆਕੁਮਾਰ ਨੂੰ ਪੂਰਬੀ ਲੰਡਨ ਦੇ ਮਾਨਸਿਕ ਸਿਹਤ ਕੇਂਦਰ ਵਿਚ ਭੇਜਿਆ ਗਿਆ ਹੈ।