ਬ੍ਰਿਟੇਨ : ਭਾਰਤੀ ਡਾਕਟਰਾਂ ਨੇ ''ਅਣਉਚਿਤ ਸਿਹਤ ਸੈੱਸ'' ਦੇ ਵਾਧੇ ਦਾ ਕੀਤਾ ਵਿਰੋਧ

Sunday, Feb 10, 2019 - 10:15 AM (IST)

ਬ੍ਰਿਟੇਨ : ਭਾਰਤੀ ਡਾਕਟਰਾਂ ਨੇ ''ਅਣਉਚਿਤ ਸਿਹਤ ਸੈੱਸ'' ਦੇ ਵਾਧੇ ਦਾ ਕੀਤਾ ਵਿਰੋਧ

ਲੰਡਨ (ਬਿਊਰੋ)— ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਵਾਲੇ ਭਾਰਤੀ ਡਾਕਟਰਾਂ ਅਤੇ ਸਿਹਤ ਸੇਵਾ ਪੇਸ਼ੇਵਰਾਂ ਨੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਯੂਰਪੀ ਯੂਨੀਅਨ ਦੇ ਬਾਹਰ ਦੇ ਨਾਗਰਿਕਾਂ 'ਤੇ ਲੱਗਣ ਵਾਲੇ ਸਿਹਤ ਸੈੱਸ ਵਿਚ 'ਅਣਉਚਿਤ' ਤਰੀਕੇ ਨਾਲ ਕੀਤੇ ਗਏ ਦੁੱਗਣੇ ਵਾਧੇ ਦਾ ਵਿਰੋਧ ਕੀਤਾ ਹੈ। 'ਇਮੀਗ੍ਰੇਸ਼ਨ ਹੈਲਥ ਸਰਚਾਰਜ' ਅਪ੍ਰੈਲ 2015 ਵਿਚ ਪੇਸ਼ ਕੀਤਾ ਗਿਆ ਸੀ ਅਤੇ ਬੀਤੇ ਸਾਲ ਦਸੰਬਰ ਤੋਂ ਇਹ 200 ਬ੍ਰਿਟਿਸ਼ ਪੌਂਡ ਤੋਂ ਵਧਾ ਕੇ 400 ਬ੍ਰਿਟਿਸ਼ ਪੌਂਡ ਪ੍ਰਤੀ ਸਾਲ ਕਰ ਦਿੱਤਾ ਗਿਆ। 

ਇਹ ਸੈੱਸ ਦੇਸ਼ ਵਿਚ ਸਰਕਾਰ ਵੱਲੋਂ ਵਿੱਤੀ ਪੋਸ਼ਿਤ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਲਈ ਵਾਧੂ ਫੰਡ ਇਕੱਠਾ ਕਰਨ ਦੇ ਉਦੇਸ਼ ਨਾਲ ਕੰਮਕਾਜੀ, ਸਿੱਖਿਆ ਜਾਂ ਪਰਿਵਾਰ ਵੀਜ਼ਾ 'ਤੇ ਬ੍ਰਿਟੇਨ ਵਿਚ 6 ਮਹੀਨੇ ਤੋਂ ਜ਼ਿਆਦਾ ਸਮੇਂ ਲਈ ਰਹਿਣ ਵਾਲੇ ਹਰੇਕ ਵਿਅਕਤੀ 'ਤੇ ਲਾਗੂ ਕੀਤਾ ਗਿਆ ਹੈ। ਭਾਰਤੀ ਮੂਲ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਬ੍ਰਿਟੇਨ ਦੀ ਸਭ ਤੋਂ ਵੱਡੀ ਸੰਸਥਾ 'ਦੀ ਬ੍ਰਿਟਿਸ਼ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜ਼ਨ' (ਬੀ.ਏ.ਪੀ.ਆਈ.ਓ.) ਸੈੱਸ ਵਿਚ ਵਾਧੇ 'ਤੇ ਮੁੜ ਵਿਚਾਰ ਕਰਨ ਲਈ ਬ੍ਰਿਟੇਨ ਦੇ ਗ੍ਰਹਿ ਦਫਤਰ ਦੀ ਲਾਬਿੰਗ ਕਰ ਰਹੀ ਹੈ। ਉਸ ਦੀ ਦਲੀਲ ਹੈ ਕਿ ਇਸ ਨਾਲ ਐੱਨ.ਐੱਚ.ਐੱਸ. ਵਿਚ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ ਤੋਂ ਜ਼ਿਆਦਾ ਗਿਣਤੀ ਵਿਚ ਸਿਹਤ ਸੇਵਾ ਪੇਸ਼ੇਵਰਾਂ ਦੀ ਭਰਤੀ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ 'ਤੇ ਉਲਟ ਅਸਰ ਪਵੇਗਾ। 

ਸੰਗਠਨ ਮੁਤਾਬਕ ਹਾਲੇ ਐੱਨ.ਐੱਚ.ਐੱਸ. ਦੇ 22 ਕਲਿਨਿਕਲ ਅਹੁਦਿਆਂ ਵਿਚੋਂ ਇਕ ਖਾਲੀ ਹੈ, ਨਰਸਿੰਗ ਅਹੁਦੇ ਦੇ ਲਈ 8 ਵਿਚੋਂ ਇਕ ਅਹੁਦਾ ਖਾਲੀ ਹੈ ਅਤੇ ਇਹ ਗਿਣਤੀ ਵੱਧ ਕੇ ਸਾਲ 2030 ਤੱਕ 2,50,000 ਤੱਕ ਪਹੁੰਚ ਸਕਦੀ ਹੈ।


author

Vandana

Content Editor

Related News