ਯੂਕੇ: ਕੋਰੋਨਾਵਾਇਰਸ ਮਹਾਮਾਰੀ ਨੇ ਵਧਾਈ ਰਿਕਾਰਡ ਬੇਰੁਜ਼ਗਾਰੀ
Tuesday, Oct 13, 2020 - 06:26 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਨੇ ਯੂਕੇ ਵਿੱਚ ਲੱਖਾਂ ਹੀ ਵਿਅਕਤੀਆਂ ਨੂੰ ਕੰਮਾਂ ਤੋਂ ਵਿਹਲੇ ਕਰ ਦਿੱਤਾ ਹੈ।ਜਿਸ ਕਰਕੇ ਬੇਰੁਜ਼ਗਾਰੀ ਦੀ ਦਰ ਤਿੰਨ ਸਾਲਾਂ ਵਿਚ ਉੱਚ ਪੱਧਰ 'ਤੇ ਪਹੁੰਚ ਗਈ ਹੈ। ਨੈਸ਼ਨਲ ਸਟੈਟਿਸਟਿਕਸ ਆਫਿਸ (ਓ.ਐੱਨ.ਐੱਸ.) ਮੁਤਾਬਕ, ਜੂਨ ਤੋਂ ਅਗਸਤ ਦਰਮਿਆਨ ਲਗਭਗ 15 ਲੱਖ ਲੋਕ ਬੇਰੁਜ਼ਗਾਰ ਸਨ, ਜੋ ਇਕ ਸਾਲ ਪਹਿਲਾਂ ਨਾਲੋਂ 209,000 ਵੱਧ ਹਨ ਅਤੇ ਅਗਸਤ ਵਿਚ ਤਿੰਨ ਮਹੀਨਿਆਂ ਵਿਚ ਬੇਰੁਜ਼ਗਾਰੀ ਦੀ ਦਰ ਵੀ ਵਧ ਕੇ 4.5% ਹੋ ਗਈ ਹੈ ਜਿਹੜੀ ਕਿ ਪਿਛਲੇ ਮਹੀਨਿਆਂ ਵਿਚ 4.1% ਸੀ।
ਓ.ਐੱਨ.ਐੱਸ. ਮੁਤਾਬਕ, ਬ੍ਰਿਟੇਨ ਦੇ ਤਨਖਾਹੀ ਕਰਮਚਾਰੀਆਂ ਦੀ ਗਿਣਤੀ ਵਿਚ ਪਿਛਲੇ ਮਹੀਨੇ 20,000 ਦਾ ਵਾਧਾ ਹੋਇਆ ਹੈ ਪਰ ਮਾਰਚ ਅਤੇ ਸਤੰਬਰ ਦੇ ਵਕਫੇ ਵਿਚਕਾਰ ਇਸ ਦੀ ਕੁੱਲ ਗਿਣਤੀ ਵਿੱਚ 673,000 ਦੀ ਗਿਰਾਵਟ ਆਈ ਹੈ। ਓ.ਐੱਨ.ਐੱਸ. ਦੇ ਡਿਪਟੀ ਰਾਸ਼ਟਰੀ ਅੰਕੜਾ ਵਿਗਿਆਨੀ ਜੋਨਾਥਨ ਅਥੋ ਮੁਤਾਬਕ, ਨਵੇਂ ਅੰਕੜੇ ਦਰਸਾਉਂਦੇ ਹਨ ਕਿ ਮਹਾਮਾਰੀ ਤੋਂ ਪਹਿਲਾਂ ਤਕਰੀਬਨ ਅੱਧੇ ਮਿਲੀਅਨ ਲੋਕ ਕੰਮ ਵਿੱਚ ਸਨ ਪਰ ਹੁਣ ਉਹ ਕੰਮ ਨਹੀਂ ਕਰ ਰਹੇ ਹਨ ਅਤੇ ਨਾ ਹੀ ਕੋਈ ਪੈਸਾ ਕਮਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਸਿਗਰਟਨੋਸ਼ੀ ਨੂੰ ਖਤਮ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਚੁੱਕਿਆ ਇਹ ਕਦਮ
ਇਸਦੇ ਨਾਲ ਹੀ ਵਧੇਰੇ ਲੋਕ ਮਹਾਮਾਰੀ ਕਰਕੇ ਸਰਗਰਮੀ ਨਾਲ ਕੰਮ ਦੀ ਭਾਲ ਨਹੀਂ ਕਰ ਰਹੇ ਹਨ। ਨੌਕਰੀਆਂ ਦੇ ਸੰਬੰਧ ਵਿੱਚ ਥਿੰਕ ਟੈਂਕ ਵਰਕ ਫਾਉਂਡੇਸ਼ਨ ਦੇ ਨਿਰਦੇਸ਼ਕ ਬੇਨ ਹੈਰੀਸਨ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਰੁਜਗਾਰ ਦੀ ਤਸਵੀਰ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਹੈ। ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋਣਾ ਤੈਅ ਹੈ ਕਿਉਂਕਿ ਜ਼ਿਆਦਾਤਰ ਸੰਗਠਨਾਂ ਵਿਚ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਭਰਤੀ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਨਹੀਂ ਹੈ।