ਯੂਕੇ: ਪ੍ਰਿੰਸ ਵਿਲੀਅਮ ਅਤੇ ਹੈਰੀ ਨੇ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਕੀਤਾ ਉਦਘਾਟਨ
Friday, Jul 02, 2021 - 04:43 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨਵੀ ਸ਼ਾਹੀ ਘਰਾਣੇ ਦੇ ਪ੍ਰਿੰਸ ਵਿਲੀਅਮ ਅਤੇ ਹੈਰੀ, ਜਿਹਨਾਂ ਨੂੰ ਡਿਊਕ ਆਫ ਕੈਮਬ੍ਰਿਜ਼ ਅਤੇ ਡਿਊਕ ਆਫ ਸੁਸੇਕਸ ਵੀ ਕਿਹਾ ਜਾਂਦਾ ਹੈ, ਨੇ ਵੀਰਵਾਰ ਨੂੰ ਉਨ੍ਹਾਂ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਬੁੱਤ ਦਾ ਉਦਘਾਟਨ ਕੀਤਾ। ਦੋਵਾਂ ਭਰਾਵਾਂ ਨੇ ਉਦਘਾਟਨ ਮੌਕੇ ਆਪਣੀ ਮਾਂ ਨੂੰ ਯਾਦ ਕੀਤਾ। ਉਦਘਾਟਨੀ ਸਮਾਰੋਹ ਤੋਂ ਬਾਅਦ ਇਕੱਠੇ ਹੋਏ ਵਿਲੀਅਮ ਅਤੇ ਹੈਰੀ ਨੇ ਰਾਜਕੁਮਾਰੀ ਡਾਇਨਾ ਦੇ 60ਵੇਂ ਜਨਮ ਦਿਨ ਮੌਕੇ ਕਿਹਾ ਕਿ ਉਹਨਾਂ ਨੂੰ ਉਸ ਦਾ ਪਿਆਰ, ਤਾਕਤ ਅਤੇ ਚਰਿੱਤਰ ਯਾਦ ਆਉਂਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਉਹਨਾਂ ਦੀ ਮਾਂ ਹਮੇਸ਼ਾ ਉਹਨਾਂ ਦੇ ਅੰਗ-ਸੰਗ ਹੈ।
ਵਿਲੀਅਮ ਅਤੇ ਹੈਰੀ ਨੇ ਕੈਂਸਿੰਗਟਨ ਪੈਲੇਸ ਵਿਚ ਰਾਜਕੁਮਾਰੀ ਦੀ ਮੂਰਤੀ ਉੱਪਰੋਂ ਹਰਾ ਪਰਦਾ ਉਠਾ ਕੇ ਇਸ ਨੂੰ ਜਨਤਕ ਕੀਤਾ। ਸ਼ਾਹੀ ਭਰਾਵਾਂ ਨੇ ਸਮਾਗਮ ਦੌਰਾਨ ਕੋਈ ਭਾਸ਼ਣ ਨਹੀਂ ਦਿੱਤਾ। ਕੋਵਿਡ ਪਾਬੰਦੀਆਂ ਅਤੇ ਸੁਰੱਖਿਆ ਕਾਰਨਾਂ ਕਰਕੇ ਇਸ ਉਦਘਾਟਨੀ ਸਮਾਗਮ ਵਿਚ ਇਕੱਠ ਸੀਮਤ ਹੋਣ ਕਰਕੇ ਮਹਿਮਾਨਾਂ ਦੀ ਗਿਣਤੀ ਸਿਰਫ਼ 13 ਦੇ ਕਰੀਬ ਸੀ। ਮਹਿਮਾਨਾਂ ਵਿਚ ਸ਼ਾਹੀ ਪਰਿਵਾਰ ਦੇ ਕੁੱਝ ਹੋਰ ਮੈਂਬਰਾਂ ਤੋਂ ਇਲਾਵਾ ਬੁੱਤ ਕਮੇਟੀ ਦੇ ਮੈਂਬਰ ਜਿਨ੍ਹਾਂ ਨੂੰ ਸਾਲ 2017 ਵਿਚ ਕਮਿਸ਼ਨ ਅਤੇ ਨਿੱਜੀ ਤੌਰ 'ਤੇ ਮੂਰਤੀ ਬਣਾਉਣ ਲਈ ਫੰਡ ਇਕੱਠੇ ਕਰਨ ਦਾ ਕੰਮ ਸੌਂਪਿਆ ਗਿਆ ਸੀ ਆਦਿ ਸ਼ਾਮਲ ਸਨ।