AAP ਸਰਕਾਰ ਦਾ ''ਪੰਜਾਬ ਮਾਡਲ'' ਸਿਰਫ਼ ਝੂਠੇ ਵਾਅਦਿਆਂ ਅਤੇ ਝਠੇ ਪ੍ਰਚਾਰ ਦਾ ਮਾਡਲ: ਤਰੁਣ ਚੁੱਘ
Monday, Mar 16, 2026 - 07:31 PM (IST)
ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਸਾਲਾਂ ਨੇ ਸਾਬਤ ਕਰ ਦਿੱਤਾ ਹੈ ਕਿ 'ਆਪ' ਸਰਕਾਰ ਦਾ ਕਥਿਤ "ਪੰਜਾਬ ਮਾਡਲ" ਸਿਰਫ਼ ਝੂਠੇ ਵਾਅਦਿਆਂ, ਖੋਖਲੇ ਦਾਵਿਆਂ ਅਤੇ ਮਹਿੰਗੇ ਪ੍ਰਚਾਰ ਦਾ ਮਾਡਲ ਹੈ। ਚੁੱਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਇਹ ਸਰਕਾਰ ਅੱਜ ਹਰ ਮੋਰਚੇ 'ਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।
ਤਰੁਣ ਚੁੱਘ ਨੇ ਦੋਸ਼ ਲਗਾਇਆ ਕਿ ਚੋਣਾਂ ਸਮੇਂ ਕੀਤੇ ਗਏ ਵਾਅਦੇ ਜਿਵੇਂ ਕਿ 25 ਲੱਖ ਨੌਕਰੀਆਂ, ਚਾਰ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨਾ ਅਤੇ ਕਿਸਾਨਾਂ ਨੂੰ ਹਰ ਫ਼ਸਲ 'ਤੇ MSP ਦੇਣਾ, ਅੱਜ ਕਿਧਰੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੀ ਬਜਾਏ ਰਾਜ ਵਿੱਚ ਬੇਰੁਜ਼ਗਾਰੀ ਅਤੇ ਨਿਰਾਸ਼ਾ ਵਧੀ ਹੈ। ਇਸ ਤੋਂ ਇਲਾਵਾ, 16 ਮੈਡੀਕਲ ਕਾਲਜ, 16,000 ਮੁਹੱਲਾ ਕਲੀਨਿਕ ਅਤੇ ਬਜ਼ੁਰਗਾਂ ਤੇ ਵਿਧਵਾਵਾਂ ਲਈ 2,500 ਰੁਪਏ ਪੈਨਸ਼ਨ ਵਰਗੀਆਂ ਘੋਸ਼ਣਾਵਾਂ ਸਿਰਫ਼ ਕਾਗਜ਼ਾਂ ਅਤੇ ਭਾਸ਼ਣਾਂ ਤੱਕ ਹੀ ਸੀਮਤ ਰਹਿ ਗਈਆਂ ਹਨ।
ਚੁੱਘ ਨੇ ਚਿੰਤਾ ਪ੍ਰਗਟਾਈ ਕਿ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜੀ ਹੈ। ਨਸ਼ਿਆਂ ਦਾ ਕਾਰੋਬਾਰ, ਗੈਂਗਸਟਰ ਗਤੀਵਿਧੀਆਂ ਅਤੇ ਫਿਰੌਤੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਗਈ ਹੈ।
ਤਰੁਣ ਚੁੱਘ ਨੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਅੱਜ ਪੰਜਾਬ ਦੀ 'ਆਪ' ਸਰਕਾਰ ਸੂਬੇ ਦੇ ਹਿੱਤਾਂ ਲਈ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਇੱਛਾਵਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਅਨੁਸਾਰ ਪੰਜਾਬ ਦੇ ਸਾਧਨਾਂ ਦੀ ਵਰਤੋਂ ਰਾਜ ਦੇ ਵਿਕਾਸ ਦੀ ਬਜਾਏ ਪ੍ਰਚਾਰ ਅਤੇ ਦਿੱਲੀ ਦੀ ਰਾਜਨੀਤੀ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗਾਂ ਦਾ ਪਲਾਇਨ, ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਵਧ ਰਹੀ ਬੇਰੁਜ਼ਗਾਰੀ ਨੇ ਪੰਜਾਬ ਨੂੰ ਕਮਜ਼ੋਰ ਕੀਤਾ ਹੈ ਅਤੇ ਜਨਤਾ ਹੁਣ ਸਮਝ ਚੁੱਕੀ ਹੈ ਕਿ ਇਹ ਸਰਕਾਰ ਤਬਦੀਲੀ ਨਹੀਂ ਬਲਕਿ ਵਿਨਾਸ਼ ਲੈ ਕੇ ਆਈ ਹੈ।
