ਯੂ. ਕੇ. : ਬਰਤਾਨੀਆ ਦੇ ਜ਼ਿਆਦਾਤਰ ਨੌਜਵਾਨ ਨਹੀਂ ਚਾਹੁੰਦੇ ਸ਼ਾਹੀ ਘਰਾਣੇ ਦਾ ਰਾਜ

Saturday, May 22, 2021 - 11:45 AM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਬ੍ਰਿਟੇਨ ’ਚ ਸ਼ਾਹੀ ਘਰਾਣੇ ਦੇ ਸਬੰਧ ’ਚ ਇੱਕ ਸਰਵੇਖਣ ਦੇ ਅਨੁਸਾਰ ਜ਼ਿਆਦਾਤਰ ਬ੍ਰਿਟਿਸ਼ ਨੌਜਵਾਨ ਸ਼ਾਹੀ ਪਰਿਵਾਰ ਦੀ ਜਗ੍ਹਾ ‘ਰਾਜ ਦੇ ਮੁਖੀ’ ਦੀ ਚੋਣ ਕਰਨ ਦੇ ਹੱਕ ’ਚ ਹਨ। ਬਰਤਾਨੀਆ ਵਿਚ ‘ਯੂ ਗੋਵ’ ਵੱਲੋਂ ਕੀਤੇ ਇੱਕ ਸਰਵੇਖਣ ਅਨੁਸਾਰ 18-24 ਸਾਲ ਦੇ ਨੌਜਵਾਨਾਂ ’ਚੋਂ ਸਿਰਫ 31 ਫੀਸਦੀ ਹੀ ਸ਼ਾਹੀ ਰਾਜ ਨੂੰ ਇਸ ਦੇ ਮੌਜੂਦਾ ਰੂਪ ’ਚ ਜਾਰੀ ਰੱਖਣ ਦਾ ਸਮਰਥਨ ਕਰਦੇ ਹਨ, ਜਦਕਿ 41 ਫੀਸਦੀ ਲੋਕ ਇਸ ਨੂੰ ਚੁਣੇ ਹੋਏ ਵਿਅਕਤੀ ਦੇ ਰੂਪ ’ਚ ਬਦਲਣਾ ਚਾਹੁੰਦੇ ਹਨ। ਇਸ ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਨੌਜਵਾਨਾਂ ’ਚ ਬ੍ਰਿਟਿਸ਼ ਰਾਜਤੰਤਰ ਲਈ ਸਮਰਥਨ, ਇਸ ’ਚ ਤਾਜ਼ਾ ਘਪਲਿਆਂ ਅਤੇ ਵਿਵਾਦਾਂ ਕਾਰਨ ਪ੍ਰਭਾਵਿਤ ਹੋਇਆ ਹੈ। ਇਸ ’ਚ ਸਮੇਤ ਪ੍ਰਿੰਸ ਐਂਡ੍ਰਿਊ ਦਾ ਅਪਰਾਧੀ ਜੈਫਰੀ ਐਪਸਟੀਨ ਨਾਲ ਸਬੰਧ ਵੀ ਸ਼ਾਮਲ ਹੈ, ਜਿਸ ਕਾਰਨ ਉਸ ਨੂੰ 2019 ’ਚ ਯਾਰਕ ਦੇ ਡਿਊਕ ਦੀ ਡਿਊਟੀ ਵਜੋਂ ਮੁਕਤ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਸਾਲ ਸਿਰਫ 26 ਫੀਸਦੀ ਨੌਜਵਾਨ ਬ੍ਰਿਟਿਸ਼ ਰਾਜਤੰਤਰ ’ਚ ਇਸ ਤਬਦੀਲੀ ਦੇ ਹੱਕ ’ਚ ਸਨ, ਜੋ ਚਾਹੁੰਦੇ ਸਨ ਕਿ ਰਾਇਲ ਪਰਿਵਾਰ ਦੀ ਥਾਂ ਰਾਜ ਦਾ ਇੱਕ ਮੁਖੀ ਚੁਣਿਆ ਜਾਵੇ। ਜਿਸ ਉਪਰੰਤ ਇਹ ਅੰਕੜਾ 2020 ’ਚ 37 ਫੀਸਦੀ ਅਤੇ 2021 ’ਚ 41 ਫੀਸਦੀ ਹੋ ਗਿਆ ਹੈ।

ਨੌਜਵਾਨਾਂ ਦੀ ਜਗ੍ਹਾ ਜ਼ਿਆਦਾ ਉਮਰ ਦੇ ਬਾਲਗ ਲੋਕ ਅਜੇ ਵੀ ਰਾਇਲ ਪਰਿਵਾਰ ਦਾ ਸਮਰਥਨ ਕਰਦੇ ਹਨ। ਸਰਵੇ ਅਨੁਸਾਰ  61 ਫੀਸਦੀ ਬਾਲਗ ਲੋਕ ਚਾਹੁੰਦੇ ਹਨ ਕਿ ਰਾਜਸ਼ਾਹੀ ਇਸੇ ਤਰ੍ਹਾਂ ਬਣੀ ਰਹੇ, ਜਦਕਿ ਸਿਰਫ 24 ਫੀਸਦੀ ਲੋਕ ਇੱਕ ਚੁਣੇ ਗਏ ਰਾਜ ਦੇ ਮੁਖੀ ਨੂੰ ਤਰਜੀਹ ਦੇਣਗੇ। ਰਾਇਲ ਫੈਮਿਲੀ ਦਾ ਸਮਰਥਨ ਜ਼ਿਆਦਾ ਉਮਰ ਦੇ ਸਮੂਹਾਂ ’ਚ ਵਧਦਾ ਹੈ, ਜਿਸ ਤਹਿਤ 50-64 ਸਾਲ ਦੀ ਉਮਰ ਦੇ 70 ਫੀਸਦੀ ਲੋਕ ਇਸ ਦਾ ਸਮਰਥਨ ਕਰਦੇ ਹਨ। ਇਸ ਦੌਰਾਨ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੁੱਲ 81 ਫੀਸਦੀ ਲੋਕ ਚਾਹੁੰਦੇ ਹਨ ਕਿ ਸ਼ਾਹੀ ਸੰਸਥਾ ਇਸ ਤਰ੍ਹਾਂ ਬਣੀ ਰਹੇ। 25 ਤੋਂ 49 ਸਾਲ ਦੀ ਉਮਰ ਦੇ ਲੋਕਾਂ ’ਚ ਵੀ ਰਾਜਸ਼ਾਹੀ ਹੋਣ ਦੇ ਹੱਕ ’ਚ ਥੋੜ੍ਹੀ ਜਿਹੀ ਗਿਰਾਵਟ ਵੇਖੀ ਗਈ ਹੈ, ਜੋ 58 ਫੀਸਦੀ ਤੋਂ 53 ਫੀਸਦੀ ਤੱਕ ਘਟੀ ਹੈ। ਰਾਜ ਘਰਾਣੇ ਦੇ ਸਬੰਧ ’ਚ 'ਯੂ ਗੋਵ' (You Gov) ਨੇ 2019 ’ਚ 4,870 , 2020 ’ਚ 3,127 ਅਤੇ 2021 ’ਚ 4,997 ਬਾਲਗ਼ਾਂ ਦਾ ਸਰਵੇਖਣ ਕੀਤਾ ਹੈ।


Manoj

Content Editor

Related News