ਯੂਕੇ: 90% ਤੋਂ ਵੱਧ ਮਹਿਲਾ ਡਾਕਟਰਾਂ ਨੇ ਕੀਤਾ ਵਿਤਕਰੇ ਦਾ ਸਾਹਮਣਾ
Thursday, Aug 26, 2021 - 03:15 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਹੋਏ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਹੈ ਕਿ ਬ੍ਰਿਟੇਨ ਦੀਆਂ ਮਹਿਲਾ ਡਾਕਟਰਾਂ ਨੂੰ ਕੰਮ ਦੌਰਾਨ ਮਹਿਲਾ ਹੋਣ ਦਾ ਖਾਮਿਆਜਾ ਭੁਗਤਣਾ ਪਿਆ ਹੈ। ਆਪਣੀ ਡਿਊਟੀ ਦੌਰਾਨ ਮਹਿਲਾ ਡਾਕਟਰਾਂ ਨੂੰ ਜਿਨਸੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇਸ ਸਰਵੇ ਅਨੁਸਾਰ 10 ਵਿੱਚੋਂ 9 ਮਹਿਲਾ ਡਾਕਟਰਾਂ ਨੇ ਯੂਕੇ ਵਿੱਚ ਕੰਮ ਦੌਰਾਨ ਅਣਚਾਹੇ ਸਰੀਰਕ ਸੰਪਰਕ, ਕੰਮ ਸਬੰਧੀ ਮੌਕਿਆਂ ਤੋਂ ਇਨਕਾਰ ਦਾ ਸਾਹਮਣਾ ਕੀਤਾ ਹੈ। ਇਸਦੇ ਨਾਲ ਹੀ ਮੀਟਿੰਗਾਂ ਵਿੱਚ ਮਰਦ ਸਹਿਕਰਮੀਆਂ ਦੀ ਮਸਾਜ਼ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਹੈਰਾਨੀਜਨਕ ਅੰਕੜੇ 'ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ' (ਬੀ ਐੱਮ ਏ) ਦੇ ਡਾਕਟਰਾਂ ਦੇ ਇੱਕ ਸਰਵੇਖਣ ਤੋਂ ਬਾਅਦ ਸਾਹਮਣੇ ਆਏ ਹਨ। ਇਸ ਸਰਵੇਖਣ ਵਿੱਚ ਡਾਕਟਰਾਂ ਦੀ ਯੂਨੀਅਨ ਨੇ ਡਾ. ਚੈਲਸੀ ਜੇਵਿਟ ਦੁਆਰਾ ਚਲਾਈ ਐੱਨ ਐੱਚ ਐੱਸ ਮੁਹਿੰਮ ਵਿੱਚ ਮੈਂਬਰਾਂ ਦੇ ਵਿਚਾਰ ਅਤੇ ਤਜ਼ਰਬੇ ਮੰਗੇ। ਇਸ ਸਰਵੇ ਵਿੱਚ ਤਕਰੀਬਨ 2,458 ਡਾਕਟਰਾਂ ਨੇ ਆਪਣੇ ਤਜਰਬੇ ਸਾਝੇ ਕੀਤੇ, ਜਿਨ੍ਹਾਂ ਵਿੱਚੋਂ 82% ਮਹਿਲਾ ਡਾਕਟਰ ਅਤੇ 16% ਪੁਰਸ਼ ਡਾਕਟਰ ਸਨ।
ਪੜ੍ਹੋ ਇਹ ਅਹਿਮ ਖਬਰ- ਜੋਖਮ ਵਾਲੇ ਅਫਗਾਨਾਂ ਨੂੰ ਬਾਹਰ ਕੱਢਣ ਲਈ ਵਧੇਰੇ ਸਮੇਂ ਦੀ ਲੋੜ : ਹਿਊਮਨ ਰਾਈਟਸ ਵਾਚ
ਇਹ ਸਰਵੇਖਣ ਦਰਸਾਉਂਦਾ ਹੈ ਕਿ 91% ਮਹਿਲਾ ਡਾਕਟਰਾਂ ਨੇ ਕੰਮ ਤੇ ਲਿੰਗ ਭੇਦਭਾਵ ਦਾ ਅਨੁਭਵ ਕੀਤਾ ਹੈ ਜਦਕਿ ਸਿਰਫ 4% ਪੁਰਸ਼ਾਂ ਨੇ ਅਜਿਹੇ ਅਨੁਭਵ ਦਾ ਸਾਹਮਣਾ ਕੀਤਾ। ਤਕਰੀਬਨ ਇੱਕ ਤਿਹਾਈ (31%) ਔਰਤ ਡਾਕਟਰਾਂ ਨੇ ਆਪਣੇ ਕੰਮ ਵਾਲੀ ਥਾਂ 'ਤੇ ਅਣਚਾਹੇ ਸਰੀਰਕ ਸੰਪਰਕ ਦਾ ਅਨੁਭਵ ਕੀਤਾ ਹੈ ਅਤੇ 56% ਬੀਬੀਆਂ ਨੂੰ ਮੌਖਿਕ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇਸਦੇ ਇਲਾਵਾ ਕੁਝ ਮਹਿਲਾ ਡਾਕਟਰਾਂ ਨੇ ਆਪਣੇ ਪੁਰਸ਼ ਸਹਿਕਰਮੀਆਂ ਦੁਆਰਾ ਮਸਾਜ਼ ਲਈ ਕਹੇ ਜਾਣ ਦੀ ਵੀ ਸ਼ਿਕਾਇਤ ਕੀਤੀ। ਐਨ ਐਚ ਐਸ ਕਨਫੈਡਰੇਸ਼ਨ ਦੇ ਡਿਪਟੀ ਚੀਫ ਐਗਜ਼ੀਕਿਟਿਵ ਅਨੁਸਾਰ ਐਨ ਐਚ ਐਸ ਸੰਗਠਨ ਇਹ ਸੁਨਿਸ਼ਚਿਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ ਕਿ ਸਟਾਫ ਦੁਆਰਾ ਲਿੰਗਵਾਦ ਜਾਂ ਕਿਸੇ ਕਿਸਮ ਦੇ ਭੇਦਭਾਵ ਦਾ ਸਾਹਮਣਾ ਨਾ ਕੀਤਾ ਜਾਵੇ।