ਵੀਜ਼ਾ ਵਿਵਾਦ ''ਚ ਫਸੇ ਭਾਰਤੀ ਵਿਦਿਆਰਥੀਆਂ ਦੀ ਸਾਜਿਦ ਜਾਵਿਦ ਨੂੰ ਅਪੀਲ
Thursday, Jun 27, 2019 - 04:40 PM (IST)

ਲੰਡਨ (ਭਾਸ਼ਾ)— ਲਾਜ਼ਮੀ ਅੰਗਰੇਜ਼ੀ ਪ੍ਰੀਖਿਆ ਨਾਲ ਜੁੜੇ ਵੀਜ਼ਾ ਵਿਵਾਦ ਵਿਚ ਫਸੇ ਭਾਰਤੀਆਂ ਸਮੇਤ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੂੰ ਮਾਮਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ 'ਤੇ ਪ੍ਰੀਖਿਆ ਵਿਚ ਨਕਲ ਕਰਨ ਦੇ ਗਲਤ ਦੋਸ਼ ਲਗਾਏ ਗਏ। ਮਾਮਲੇ ਨਾਲ ਜੁੜੇ ਸਾਰੇ ਵਿਦਿਆਰਥੀਆਂ 'ਤੇ 'ਟੈਸਟ ਆਫ ਇੰਗਲਿਸ਼ ਫੌਰ ਇੰਟਰਨੈਸ਼ਨਲ ਕਮਿਊਨੀਕੇਸ਼ਨ' (ਟੀ.ਓ.ਈ.ਆਈ.ਸੀ.) ਵਿਚ ਨਕਲ ਕਰਨ ਦੇ ਦੋਸ਼ ਹਨ।
ਤਕਰੀਬਨ 5 ਸਾਲ ਪਹਿਲਾਂ ਵਿਦਿਆਰਥੀ ਵੀਜ਼ਾ ਲਈ ਇਸ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਸੀ। ਲੰਡਨ ਵਿਚ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੂੰ ਸੌਂਪੇ ਇਕ ਪੱਤਰ ਵਿਚ ਵਿਦਿਆਰਥੀਆਂ ਨੇ ਕਿਹਾ,''ਉਨ੍ਹਾਂ 'ਤੇ ਨਕਲ ਕਰਨ ਦੇ ਗਲਤ ਦੋਸ਼ ਲਗਾਏ ਗਏ ਹਨ।'' ਵਿਦਿਆਰਥੀਆਂ ਨੇ ਖੁਦ ਨੂੰ ਬੇਕਸੂਰ ਸਾਬਤ ਕਰਨ ਦੇ ਮੌਕੇ ਦੀ ਮੰਗ ਕੀਤੀ ਹੈ।
ਮੰਤਰੀ ਨੂੰ ਸੌਂਪੇ ਪੱਤਰ ਵਿਚ ਕਿਹਾ ਗਿਆ,''ਅੰਗਰੇਜ਼ੀ ਪ੍ਰੀਖਿਆ ਵਿਚ ਨਕਲ ਦੇ ਦੋਸ਼ ਲਗਾਏ ਜਾਣ ਕਾਰਨ ਅਸੀਂ ਉਨ੍ਹਾਂ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਵਿਚੋਂ ਹਾਂ ਜਿਨ੍ਹਾਂ ਨੂੰ ਗ੍ਰਹਿ
ਵਿਭਾਗ ਨੇ ਗਲਤ ਤਰੀਕੇ ਨਾਲ ਸਾਡੇ ਵੀਜ਼ਾ ਅਤੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਹੈ। ਅਸੀਂ ਬੇਕਸੂਰ ਹਾਂ ਪਰ ਸਰਕਾਰ ਨੇ ਸਾਨੂੰ ਇਹ ਸਾਬਤ ਕਰਨ ਦਾ ਮੌਕਾ ਨਹੀਂ ਦਿੱਤਾ। ਇਸ ਲਈ ਪਿਛਲੇ 5 ਸਾਲ ਤੋਂ ਅਸੀਂ ਆਪਣਾ ਨਾਮ ਇਸ ਲਿਸਟ ਵਿਚੋਂ ਹਟਾਏ ਜਾਣ ਲਈ ਲੜ ਰਹੇ ਹਾਂ।''