UK : ਕੋਰੋਨਾ ਇਕਾਂਤਵਾਸ ਦੀ ਸਮਾਂ ਸੀਮਾ ਘੱਟ ਕੇ ਹੋਵੇਗੀ 10 ਦਿਨ
Saturday, Dec 12, 2020 - 05:06 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਵਾਇਰਸ ਦੇ ਲੱਛਣਾਂ ਵਾਲੇ ਜਾਂ ਕਿਸੇ ਵਾਇਰਸ ਪੀੜਤ ਦੇ ਸੰਪਰਕ ਵਿਚ ਆਏ ਹੋਏ ਵਿਅਕਤੀ ਲਈ ਸੁਰੱਖਿਆ ਕਾਰਨਾਂ ਕਰਕੇ ਇਕਾਂਤਵਾਸ ਵਿਚ ਰਹਿਣਾ ਬਹੁਤ ਜਰੂਰੀ ਹੈ। ਇਸ ਪ੍ਰਕਿਰਿਆ ਦੀ ਸਮਾਂ ਸੀਮਾ ਨੂੰ ਸੋਮਵਾਰ ਤੋਂ ਪੂਰੇ ਯੂ.ਕੇ. ਵਿਚ 14 ਦਿਨਾਂ ਤੋਂ ਘਟਾ ਕੇ 10 ਦਿਨ ਕੀਤਾ ਜਾ ਰਿਹਾ ਹੈ।
ਇਹ ਤਬਦੀਲੀ ਵਾਇਰਸ ਪ੍ਰਭਾਵਿਤ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਲੋਕਾਂ 'ਤੇ ਵੀ ਲਾਗੂ ਹੋਵੇਗੀ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ 10 ਜਾਂ ਇਸ ਤੋਂ ਵੱਧ ਦਿਨਾਂ ਦੇ ਸਮੇਂ ਤੋਂ ਆਪਣੇ-ਆਪ ਨੂੰ ਅਲੱਗ ਕਰ ਰਿਹਾ ਹੈ ਤਾਂ ਸੋਮਵਾਰ ਨੂੰ ਇਕਾਂਤਵਾਸ ਨੂੰ ਖਤਮ ਕਰਨ ਦੇ ਯੋਗ ਹੋ ਜਾਵੇਗਾ। ਵੇਲਜ਼ ਵਿਚ ਸਵੈ-ਅਲੱਗ ਦੇ ਨਿਯਮਾਂ ਵਿਚ ਤਬਦੀਲੀ ਦੀ ਘੋਸ਼ਣਾ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਇਹ ਨਵੀਂ ਘੋਸ਼ਣਾ ਚਾਰੇ ਰਾਸ਼ਟਰਾਂ ਵਿਚ ਲਾਗੂ ਹੋਵੇਗੀ। ਹਾਲਾਂਕਿ ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦੇ ਅੰਕੜੇ ਦਰਸਾਉਂਦੇ ਹਨ ਕਿ 5 ਦਸੰਬਰ ਦੇ ਹਫਤੇ ਤੱਕ, ਲੰਡਨ ਅਤੇ ਇੰਗਲੈਂਡ ਦੇ ਪੂਰਬ ਵਿਚ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਤਾਜ਼ਾ ਸਰਕਾਰੀ ਅੰਕੜਿਆਂ ਦੇ ਅਨੁਸਾਰ, ਯੂ. ਕੇ. ਵਿਚ ਸਕਾਰਾਤਮਕ ਟੈਸਟ ਦੇ 28 ਦਿਨਾਂ ਦੇ ਅੰਦਰ 424 ਹੋਰ ਮੌਤਾਂ ਹੋ ਚੁੱਕੀਆਂ ਹਨ ਅਤੇ ਹੋਰ 21,672 ਕੋਰੋਨਾਂ ਵਾਇਰਸ ਮਾਮਲੇ ਦਰਜ ਹੋਏ ਹਨ। ਇਨ੍ਹਾਂ ਨਿਯਮਾਂ ਵਿਚ ਤਬਦੀਲੀ ਦੀ ਘੋਸ਼ਣਾ ਯੂ. ਕੇ. ਦੇ ਚਾਰ ਮੁੱਖ ਮੈਡੀਕਲ ਅਫਸਰਾਂ (ਸੀ.ਐੱਮ.ਓ.) ਦੇ ਨਾਲ ਇਕ ਬਿਆਨ ਦੁਆਰਾ ਕੀਤੀ ਗਈ, ਜਿਨ੍ਹਾਂ ਅਨੁਸਾਰ ਇਕਾਂਤਵਾਸ ਦੀ ਸੀਮਾ ਨੂੰ ਹੁਣ ਸਬੂਤਾਂ ਦੀ ਪੜਤਾਲ ਕਰਨ ਤੋਂ ਬਾਅਦ 14 ਦਿਨਾਂ ਤੋਂ 10 ਦਿਨਾਂ ਤੱਕ ਘਟਾਇਆ ਜਾ ਸਕਦਾ ਹੈ।