ਬ੍ਰਿਟੇਨ : ਡਾਕਟਰਾਂ ਨੇ ਪਹਿਲੀ ਵਾਰ ''ਬਲੱਡ ਕਲਾਟ'' ਦਾ ਕੀਤਾ ਸਫਲ ਇਲਾਜ
Tuesday, Apr 16, 2019 - 03:53 PM (IST)

ਲੰਡਨ (ਬਿਊਰੋ)— ਬ੍ਰਿਟੇਨ ਵਿਚ ਡਾਕਟਰਾਂ ਨੇ ਇਕ ਅਜਿਹਾ ਡਿਵਾਈਸ ਡਿਜ਼ਾਈਨ ਕੀਤਾ ਹੈ ਜੋ ਨਸਾਂ ਤੋਂ ਖੂਨ ਦੇ ਥੱਕੇ (Blood clot) ਖਿੱਚਣ ਵਿਚ ਸਮਰੱਥ ਹੈ। ਇਸ ਡਿਵਾਈਸ ਨਾਲ ਪਹਿਲੀ ਵਾਰ ਇਕ ਸਫਲ ਇਲਾਜ ਵੀ ਕੀਤਾ ਗਿਆ ਹੈ, ਜਿਸ ਨਾਲ ਲੰਡਨ ਵਿਚ ਰਹਿਣ ਵਾਲੀ ਇਕ ਮਹਿਲਾ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਇਸ ਡਿਵਾਈਸ ਦਾ ਨਾਮ 'ਵਰਟੈਕਸ ਥ੍ਰੋਮਬੇਕਟੋਮੀ ਕੈਥੇਟਰ' (Vertex thrombectomy catheter) ਹੈ।
ਲੰਡਨ ਦੀ 55 ਸਾਲਾ ਜੈਰੀ ਫੀਲਡ ਹੁਣ ਦੁਨੀਆ ਦੀ ਪਹਿਲੀ ਅਜਿਹੀ ਮਹਿਲਾ ਬਣ ਗਈ ਹੈ ਜਿਸ ਦਾ ਇਲਾਜ ਇਸ ਡਿਵਾਈਸ ਜ਼ਰੀਏ ਕੀਤਾ ਗਿਆ ਹੈ। ਫੀਲਡ ਦੇ ਪੈਰਾਂ ਦੇ ਹੇਠਲੇ ਹਿੱਸੇ ਵਿਚ ਬਲੱਡ ਕਲਾਟ ਸਨ। ਹੁਣ ਇਲਾਜ ਦੇ ਬਾਅਦ ਉਸ ਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਹੈ। ਫੀਲਡ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਸਾਲ ਨਵੰਬਰ ਮਹੀਨੇ ਵਿਚ ਰਾਤ ਦੇ ਸਮੇਂ ਅਚਾਨਕ ਪੈਰਾਂ ਦੇ ਪਿਛਲੇ ਹਿੱਸੇ ਵਿਚ ਦਰਦ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਉਹ ਡਿੱਗ ਪਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸੈਂਟ ਥਾਮਸ ਹਸਪਤਾਲ ਦੇ ਡਾਕਟਰਾਂ ਨੇ ਫੀਲਡ ਦਾ ਇਲਾਜ ਇਸ ਡਿਵਾਈਸ ਨਾਲ ਕੀਤਾ।
ਇਸ ਨਵੀਂ ਪ੍ਰਕਿਰਿਆ ਵਿਚ ਸਿਰਫ ਡੇਢ ਘੰਟੇ ਦਾ ਸਮਾਂ ਲੱਗਦਾ ਹੈ। ਇਸ ਆਪਰੇਸ਼ਨ ਦੇ ਕੁਝ ਹੀ ਸਮੇਂ ਬਾਅਦ ਮਰੀਜ਼ ਨੂੰ ਘਰ ਭੇਜਿਆ ਜਾ ਸਕਦਾ ਹੈ। ਇਸ ਡਿਵਾਈਸ ਨੂੰ ਬਣਾਉਣ ਦਾ ਕ੍ਰੈਡਿਟ ਬ੍ਰਿਟੇਨ ਦੇ ਐੱਨ.ਐੱਚ.ਐੱਸ. (ਨੈਸ਼ਨਲ ਹੈਲਥ ਸਰਵਿਸ) ਦੇ ਡਾਕਟਰਾਂ ਅਤੇ ਸ਼ੋਧ ਕਰਤਾਵਾਂ ਨੂੰ ਜਾਂਦਾ ਹੈ। ਫੀਲਡ ਨੂੰ ਡੀ.ਵੀ.ਟੀ. (ਡੀਪ ਵੇਨ ਥ੍ਰੰਬੋਸਿਸ) ਦੀ ਸਮੱਸਿਆ ਸੀ। ਇਸ ਬੀਮਾਰੀ ਵਿਚ ਵਿਅਕਤੀ ਦੇ ਹੇਠਲੇ ਅੰਗਾਂ ਦੀਆਂ ਨਸਾਂ ਵਿਚ ਖੂਨ ਦਾ ਥੱਕਾ ਜੰਮ ਜਾਂਦਾ ਹੈ। ਨਾਲ ਹੀ ਪੈਰਾਂ ਵਿਚ ਸੋਜ ਆ ਜਾਂਦੀ ਹੈ। ਇਸ ਬੀਮਾਰੀ ਨਾਲ ਪੀੜਤ ਵਿਅਕਤੀ ਲਈ ਚੱਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਅੱਧੇ ਤੋਂ ਜ਼ਿਆਦਾ ਮਾਮਲਿਆਂ ਵਿਚ ਡੀ.ਵੀ.ਟੀ. ਦਾ ਪਤਾ ਹੀ ਨਹੀਂ ਚੱਲ ਪਾਉਂਦਾ।
ਇਸ ਸਮੱਸਿਆ ਦੀ ਜਾਣਕਾਰੀ ਉਦੋਂ ਮਿਲਦੀ ਹੈ ਜਦੋਂ ਦਿਲ ਅਤੇ ਫੇਫੜਿਆਂ ਵਿਚ ਖੂਨ ਦਾ ਦੌਰੇ ਵਿਚ ਰੁਕਾਵਟ ਪੈਣ ਲੱਗਦੀ ਹੈ। ਸੂਤਰਾਂ ਮੁਤਾਬਕ ਇਸ ਬੀਮਾਰੀ ਨਾਲ ਬ੍ਰਿਟੇਨ ਵਿਚ 6 ਲੱਖ ਤੋਂ ਵੱਧ ਲੋਕ ਪੀੜਤ ਹਨ ਅਤੇ ਹਰੇਕ ਸਾਲ 25 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਫੀਲਡ ਇਸ ਗੱਲ ਨਾਲ ਖੁਸ਼ ਹੈ ਕਿ ਉਹ ਇਸ ਤਰ੍ਹਾਂ ਠੀਕ ਹੋਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਹੈ।
ਇੰਝ ਕੀਤਾ ਜਾਂਦਾ ਹੈ ਇਲਾਜ
ਕੈਥੇਟਰ ਨੂੰ ਸਭ ਤੋਂ ਪਹਿਲਾਂ ਪ੍ਰਭਾਵਿਤ ਨਸਾਂ ਵਿਚ ਭੇਜਿਆ ਜਾਂਦਾ ਹੈ। ਫਿਰ ਨਿਸ਼ਚਿਤ ਜਗ੍ਹਾ 'ਤੇ ਉਸ ਨੂੰ ਸਥਿਰ ਕਰ ਦਿੱਤਾ ਜਾਂਦਾ ਹੈ। ਖੂਨ ਦੇ ਥੱਕੇ ਦੇ ਬਿਲਕੁੱਲ ਵਿਚਕਾਰ ਸਟੇਂਟ ਪਹੁੰਚਾਉਣ ਦੇ ਬਾਅਦ ਕਲਾਟ ਵਿਚ ਜਾ ਕੇ ਇਹ ਫੈਲ ਜਾਂਦਾ ਹੈ। ਫੈਲਿਆ ਹੋਇਆ ਸਟੇਂਟ ਨਸਾਂ ਦੀਆਂ ਕੰਧਾਂ ਤੋਂ ਕਲਾਟ ਹਟਾ ਦਿੰਦਾ ਹੈ।