ਖੁਸ਼ਖਬਰੀ! UAE ਨੇ ਮੁਆਫ ਕੀਤਾ ਭਾਰਤੀਆਂ ਦਾ ਵੀਜ਼ਾ ਜੁਰਮਾਨਾ

Saturday, Aug 08, 2020 - 12:02 AM (IST)

ਖੁਸ਼ਖਬਰੀ! UAE ਨੇ ਮੁਆਫ ਕੀਤਾ ਭਾਰਤੀਆਂ ਦਾ ਵੀਜ਼ਾ ਜੁਰਮਾਨਾ

ਦੁਬਈ: ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਉਨ੍ਹਾਂ ਭਾਰਤੀ ਪਰਵਾਸੀਆਂ ਤੋਂ ਵਸੂਲੇ ਜਾਣ ਵਾਲੇ ਵੀਜ਼ਾ ਜੁਰਮਾਨੇ ਦੇ ਹਜ਼ਾਰਾਂ ਦਿਰਹਮ ਦੀ ਰਕਮ ਮੁਆਫ ਕਰ ਦਿੱਤੀ ਹੈ ਜਿਨ੍ਹਾਂ ਦੇ ਵੀਜ਼ਾ ਦੀ ਮਿਆਦ ਇਕ ਮਾਰਚ ਤੋਂ ਪਹਿਲਾਂ ਖਤਮ ਹੋ ਚੁੱਕੀ ਸੀ। ਮੀਡੀਆ ਵਿਚ ਆਈ ਇਕ ਖਬਰ ਮੁਤਾਬਕ ਇਸ ਤੋਂ ਕੋਵਿਡ-19 ਮਹਾਮਾਰੀ ਦੇ ਵਿਚਾਲੇ ਘਰ ਪਰਤਣ ਲਈ ਉਨ੍ਹਾਂ ਨੂੰ ਵਧੇਰੇ ਬੋਝ ਨਹੀਂ ਚੁੱਕਣਾ ਪਵੇਗਾ।

ਗਲਫ ਨਿਊਜ਼ ਨੇ ਇਕ ਖਬਰ ਵਿਚ ਦੁਬਈ ਸਥਿਤ ਭਾਰਤੀ ਦੂਤਘਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਤੱਕ 145 ਭਾਰਤੀ ਯੂ.ਏ.ਈ. ਵਿਚ ਭਾਰਤੀ ਮਿਸ਼ਨ ਵਲੋਂ ਪ੍ਰਸਤਾਵਿਤ ਇਸ ਯੋਜਨਾ ਦਾ ਲਾਭ ਚੁੱਕ ਚੁੱਕੇ ਹਨ। ਖਬਰ ਵਿਚ ਕਿਹਾ ਗਿਆ ਕਿ ਅਬੂ ਧਾਬੀ ਵਿਚ ਭਾਰਤੀ ਦੂਤਘਰ ਨੇ 22 ਜੁਲਾਈ ਨੂੰ ਨਵੀਂ ਵਿਵਸਥਾ ਦੇ ਉਦਘਾਟਨ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਜਿਨ੍ਹਾਂ ਭਾਰਤੀਆਂ ਦੇ ਨਿਵਾਸ ਤੇ ਟੂਰਿਸਟ ਵੀਜ਼ਾ ਦੀ ਮਿਆਦ ਇਕ ਮਾਰਚ ਤੋਂ ਪਹਿਲਾਂ ਖਤਮ ਹੋ ਗਈ ਸੀ ਉਹ 17 ਅਗਸਤ ਤੱਕ ਬਿਨਾਂ ਬਕਾਇਆ ਰਾਸ਼ੀ ਚੁਕਾਏ ਭਾਰਤ ਜਾਣ ਵਾਲੀਆਂ ਉਡਾਣਾਂ ਨਾਲ ਵਾਪਸ ਜਾ ਸਕਦੇ ਹਨ।

ਮੀਡੀਆ, ਸੂਚਨਾ ਤੇ ਸੰਸਕ੍ਰਿਤੀ ਦੇ ਲਈ ਭਾਰਤੀ ਦੂਤਘਰ ਦੇ ਅਧਿਕਾਰੀ ਨੀਰਜ ਅਗਰਵਾਲ ਨੇ ਕਿਹਾ ਕਿ ਦੁਬਈ ਵਿਚ ਰਹਿਣ ਤੇ ਵਿਦੇਸ਼ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਨੇ ਪਹਿਲੇ ਪੜਾਅ ਵਿਚ 145 ਭਾਰਤੀਆਂ ਦੀਆਂ ਅਰਜ਼ੀਆਂ 'ਤੇ ਜੁਰਮਾਨਾ ਮੁਆਫ ਕਰ ਦਿੱਤਾ ਹੈ। ਇਨ੍ਹਾਂ ਬਿਨੈਕਾਰਾਂ ਵਿਚ ਰਿਹਾਇਸ਼ ਨਿਯਮਾਂ ਦੇ ਉਲੰਘਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਗੌੜੇ ਵੀ ਸ਼ਾਮਲ ਹਨ। ਅਗਰਵਾਲ ਨੇ ਕਿਹਾ ਕਿ ਕਈ ਸਾਲਾਂ ਤੋਂ ਬਿਨਾਂ ਸਹੀ ਦਸਤਾਵੇਜ਼ਾਂ ਦੇ ਰਹਿ ਰਹੇ ਲੋਕ ਹੁਣ ਬਿਨਾਂ ਜੁਰਮਾਨਾ ਅਦਾ ਕੀਤੇ ਘਰ ਵਾਪਸ ਪਰਤ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ 800 ਅਰਜ਼ੀਆਂ ਵਿਭਾਗ ਨੂੰ ਭੇਜੀਆਂ ਗਈਆਂ ਹਨ ਤੇ ਆਉਣ ਵਾਲੇ ਹਫਤਿਆਂ ਵਿਚ ਹੋਰ ਮਨਜ਼ੂਰੀਆਂ ਮਿਲਣ ਦੀ ਉਮੀਦ ਹੈ ਕਿਉਂਕਿ ਈਦ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਵੀਜ਼ਾ ਸਬੰਧੀ ਜੁਰਮਾਨਾ ਮੁਆਫ ਕੀਤੇ ਬਿਨਾਂ ਘਰ ਪਰਤ ਰਹੇ ਹਵਾਈ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਆਮ ਸਮੇਂ ਤੋਂ ਥੋੜਾ ਪਹਿਲਾਂ ਪਹੁੰਚਣਾ ਹੋਵੇਗਾ ਕਿਉਂਕਿ ਹਵਾਈ ਅੱਡੇ 'ਤੇ ਕੁਝ ਵਧੇਰੇ ਪ੍ਰਕਿਰਿਆਵਾਂ ਦਾ ਪਾਲਣ ਉਨ੍ਹਾਂ ਨੂੰ ਕਰਨਾ ਪਵੇਗਾ।


author

Baljit Singh

Content Editor

Related News