ਯੂ. ਏ. ਈ. ਅਤੇ ਇਜ਼ਰਾਇਲ ਵਿਚਕਾਰ ਟੈਲੀਫੋਨ ਸੇਵਾ ਸ਼ੁਰੂ
Sunday, Aug 16, 2020 - 07:32 PM (IST)
ਦੁਬਈ- ਸੰਯੁਕਤ ਅਰਬ ਅਮੀਰਾਤ ਤੇ ਇਜ਼ਰਾਇਲ ਵਿਚਕਾਰ ਰਾਜਨੀਤਕ ਸਬੰਧਾਂ ਦੇ ਦਰਵਾਜ਼ੇ ਖੋਲ੍ਹਣ ਨਾਲ ਦੋਹਾਂ ਦੇਸ਼ਾਂ ਵਿਚਕਾਰ ਟੈਲੀਫੋਨ ਸੇਵਾ ਵੀ ਸ਼ੁਰੂ ਹੋ ਗਈ ਹੈ। ਐਸੋਸੀਏਟ ਪ੍ਰੈੱਸ ਦੇ ਯੇਰੂਸ਼ਲਮ ਤੇ ਦੁਬਈ ਵਿਚ ਮੌਜੂਦ ਪੱਤਰਕਾਰਾਂ ਨੇ ਐਤਵਾਰ ਨੂੰ ਲੈਂਡਲਾਈਨ ਅਤੇ ਮੋਬਾਇਲ ਫੋਨ ਰਾਹੀਂ ਇਕ-ਦੂਜੇ ਨਾਲ ਗੱਲ ਕੀਤੀ। ਹਾਲਾਂਕਿ ਇਜ਼ਰਾਇਲ ਤੇ ਯੂ. ਏ. ਈ. ਦੇ ਅਧਿਕਾਰੀਆਂ ਨੇ ਤਤਕਾਲ ਦੋਵੇਂ ਦੇਸ਼ਾਂ ਵਿਚਕਾਰ ਟੈਲੀਫੋਨ ਸੇਵਾ ਦੇ ਫਿਲਹਾਲ ਕੰਮ ਕਰਨ ਦੀ ਗੱਲ ਸਵਿਕਾਰ ਨਹੀਂ ਕੀਤੀ।
ਉਨ੍ਹਾਂ ਨੇ ਐਸੋਸਿਏਟ ਪ੍ਰੈੱਸ ਦੇ ਸਵਾਲਾਂ ਦਾ ਤਤਕਾਲ ਜਵਾਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਅਰਬ ਪ੍ਰਾਈਦੀਪ ਵਿਚ 7 ਅਮੀਰਾਤ ਦੇ ਸੰਘ ਯੂ. ਏ. ਈ. ਵਿਚ ਅੰਗਰੇਜ਼ੀ ਤੇ ਅਰਬੀ ਭਾਸ਼ਾ ਵਿਚ ਰਿਕਾਰਡ ਸੰਦੇਸ਼ ਸੁਣਾਈ ਦਿੱਤੇ ਜਿਸ ਵਿਚ ਕਿਹਾ ਗਿਆ ਹੈ ਕਿ +972 ਕੋਡ ਦੇ ਦੇਸ਼ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ।
ਪਾਬੰਦੀ ਦੇ ਵਿਚਕਾਰ ਇੰਟਰਨੈੱਟ ਕਾਲ ਦੇ ਜ਼ਰੀਏ ਲੋਕ ਸੰਪਰਕ ਕਰ ਪਾਉਂਦੇ ਸਨ ਪਰ ਇਹ ਵੀ ਅਕਸਰ ਬੰਦ ਰਹਿੰਦੇ ਸਨ। ਕੁਝ ਇਜ਼ਰਾਇਲੀ, ਫਲਸਤੀਨੀ ਫੋਨ ਨੰਬਰ ਦੀ ਵਰਤੋਂ ਕਰਦੇ ਸਨ, ਜਿਸ ਨਾਲ ਯੂ. ਏ. ਈ. ਵਿਚ ਗੱਲ ਹੋ ਸਕਦੀ ਸੀ। ਯੂ. ਏ. ਈ. ਵਿਚ ਪ੍ਰਸ਼ਾਸਨ ਨੇ ਇਜ਼ਰਾਇਲੀ ਵੈੱਬਸਾਈਟ ਵਰਗੇ ਟਾਈਮਜ਼ ਆਫ ਇਜ਼ਰਾਇਲ, ਦਿ ਯੇਰੂਸ਼ਲਮ ਪੋਸਟ ਅਤੇ ਵਾਈਨੈੱਟ ਨੂੰ ਬੰਦ ਕਰ ਦਿੱਤਾ ਸੀ ਪਰ ਐਤਵਾਰ ਨੂੰ ਇੱਥੇ ਲੋਕ ਬਿਨਾਂ ਅਮੀਰਾਤ ਦੀ ਪਾਬੰਦੀ ਤੋਂ ਬਚਣ ਦੇ ਉਪਾਅ ਕੀਤੇ ਇਨ੍ਹਾਂ ਸਾਈਟਾਂ ਨੂੰ ਦੇਖ ਪਾ ਰਹੇ ਸਨ।
ਦੋਹਾਂ ਦੇਸ਼ਾਂ ਵਿਚਕਾਰ ਟੈਲੀਫੋਨ ਸੇਵਾ ਯੂ. ਏ. ਈ. ਅਤੇ ਇਜ਼ਰਾਇਲ ਵਿਚਕਾਰ ਹੋਏ ਸਮਝੌਤੇ ਦਾ ਪਹਿਲਾ ਠੋਸ ਸੰਕੇਤ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਯੂ. ਏ. ਈ. ਅਤੇ ਇਜ਼ਰਾਇਲ ਨੇ ਪੂਰੀ ਤਰ੍ਹਾਂ ਰਾਜਨੀਤਕ ਸਬੰਧ ਸਥਾਪਤ ਕਰਨ ਦੀ ਘੋਸ਼ਣਾ ਕੀਤੀ। ਅਮਰੀਕਾ ਦੀ ਵਿਚੋਲਗੀ ਵਿਚਕਾਰ ਹੋਏ ਸਮਝੌਤੇ ਤਹਿਤ ਇਜ਼ਰਾਇਲ ਨੇ ਪੱਛਮੀ ਤਟ ਦੇ ਇਲਾਕਿਆਂ 'ਤੇ ਕਬਜ਼ਾ ਕਰਨ ਦੀ ਆਪਣੀ ਵਿਵਾਦਤ ਯੋਜਨਾ ਸਥਿਗਤ ਕਰ ਦਿੱਤੀ ਹੈ। ਇਸ ਇਲਾਕੇ 'ਤੇ ਫਲਸਤੀਨ ਆਪਣਾ ਦਾਅਵਾ ਕਰਦਾ ਹੈ। ਇਸ ਇਤਿਹਾਸਕ ਸਮਝੌਤੇ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਵਿਦੇਸ਼ ਨੀਤੀ ਦੀ ਅਹਿਮ ਜਿੱਤ ਮੰਨਿਆ ਜਾ ਰਿਹਾ ਹੈ, ਜੋ ਨਵੰਬਰ ਵਿਚ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਮੁੜ ਚੁਣੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।