ਮੱਕੀ ਦੇ ਦਾਣੇ ਮੰਗਣ ਦੇ ਬਹਾਨੇ ਈ-ਰਿਕਸ਼ਾ ਸਵਾਰਾਂ ਨੇ ਰੇਹੜੀ ਵਾਲੇ ਨੂੰ ਲੁੱਟਿਆ

Wednesday, Feb 11, 2026 - 02:01 PM (IST)

ਮੱਕੀ ਦੇ ਦਾਣੇ ਮੰਗਣ ਦੇ ਬਹਾਨੇ ਈ-ਰਿਕਸ਼ਾ ਸਵਾਰਾਂ ਨੇ ਰੇਹੜੀ ਵਾਲੇ ਨੂੰ ਲੁੱਟਿਆ

ਲੁਧਿਆਣਾ (ਰਾਜ): ਸ਼ਹਿਰ ਵਿਚ ਬੇਖ਼ੌਫ਼ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਹ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਨਹੀਂ ਕਤਰਾ ਰਹੇ। ਤਾਜ਼ਾ ਮਾਮਲਾ ਕਸ਼ਮੀਰ ਨਗਰ ਦੀ ਪੁਲੀ ਕੋਲੋਂ ਸਾਹਮਣੇ ਆਇਆ ਹੈ, ਜਿੱਥੇ ਈ-ਰਿਕਸ਼ਾ 'ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਬਦਮਾਸ਼ਾਂ ਨੇ ਇਕ ਰੇਹੜੀ ਚਾਲਕ ਨੂੰ ਆਪਣਾ ਸ਼ਿਕਾਰ ਬਣਾਇਆ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਉਰਫ਼ ਦੀਪੂ ਵਜੋਂ ਹੋਈ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ।

ਪੀੜਤ ਕੁੰਵਰਪਾਲ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 9 ਫਰਵਰੀ ਨੂੰ ਉਹ ਆਪਣੀ ਰੇਹੜੀ 'ਤੇ ਮੱਕੀ ਦੇ ਦਾਣੇ ਵੇਚ ਕੇ ਘਰ ਪਰਤ ਰਿਹਾ ਸੀ। ਜਦੋਂ ਉਹ ਸ਼ਮਸ਼ਾਨ ਘਾਟ ਨੇੜੇ ਕਸ਼ਮੀਰ ਨਗਰ ਦੀ ਪੁਲੀ 'ਤੇ ਪਹੁੰਚਿਆ ਤਾਂ ਪਿੱਛੋਂ ਇਕ ਈ-ਰਿਕਸ਼ਾ 'ਤੇ ਦੋ ਨੌਜਵਾਨ ਆਏ। ਉਨ੍ਹਾਂ ਨੇ ਰੇਹੜੀ ਰੁਕਵਾਈ ਅਤੇ 10 ਰੁਪਏ ਦੇ ਮੱਕੀ ਦੇ ਦਾਣੇ ਦੇਣ ਲਈ ਕਿਹਾ। ਜਿਵੇਂ ਹੀ ਪੀੜਤ ਦਾਣੇ ਦੇਣ ਲੱਗਾ, ਇਕ ਨੌਜਵਾਨ ਨੇ ਪਿੱਛੋਂ ਆ ਕੇ ਉਸ ਦੀਆਂ ਦੋਵੇਂ ਬਾਹਾਂ ਮਜ਼ਬੂਤੀ ਨਾਲ ਫੜ ਲਈਆਂ ਤਾਂ ਜੋ ਉਹ ਹਿੱਲ ਨਾ ਸਕੇ। ਇਸ ਦੌਰਾਨ ਦੂਜੇ ਸਾਥੀ ਨੇ ਉਸ ਦੇ ਹੱਥੋਂ ਰੈਡਮੀ ਕੰਪਨੀ ਦਾ ਮੋਬਾਈਲ ਫੋਨ ਅਤੇ ਜੇਬ ਵਿਚ ਰੱਖੀ ਕਰੀਬ 2500 ਰੁਪਏ ਦੀ ਨਕਦੀ ਖੋਹ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੂਜੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦੀ ਹੀ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।
 


author

Anmol Tagra

Content Editor

Related News