ਔਰਤ ਦੇ ਕੰਨਾ ''ਚੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਚੋਰ ਨੂੰ ਦੋ ਸਾਲ ਦੱਸ ਮਹੀਨੇ ਦੀ ਸਜ਼ਾ

Friday, Aug 25, 2017 - 01:20 AM (IST)

ਲੰਡਨ (ਰਾਜਵੀਰ ਸਮਰਾ)— ਬੀਤੇ ਦਿਨੀਂ ਸਮੈਦਿਕ 'ਚ ਰਾਹ ਜਾਂਦੀ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖਿੱਚਣ ਵਾਲੇ ਪੰਜਾਬੀ ਮੂਲ ਦੇ ਨੌਜਵਾਨ ਚੋਰ ਨੂੰ ਦੋ ਸਾਲ, ਦੱਸ ਮਹੀਨੇ ਲਈ ਜੇਲ ਦੀ ਕਾਲਕੋਠੜੀ 'ਚ ਬੰਦ ਕਰ ਦਿੱਤਾ ਗਿਆ ਹੈ। ਵੂਲਵਰਹੈਪਟਨ ਕਰਾਊਨ ਕੋਰਟ 'ਚ ਪੇਸ਼ ਕੀਤੇ ਗਏ ਮੁਕੱਦਮੇ ਦੌਰਾਨ ਦੱਸਿਆ ਗਿਆ ਕਿ ਇੰਦਰਜੀਤ ਸਿੰਘ ਧਾਲੀਵਾਲ (40) ਬੀਅਰਵੁੱਡ ਵਾਸੀ ਨੇ ਇੱਕ ਔਰਤ ਦਾ ਪਿੱਛਾ ਕੀਤਾ। ਇਹ ਔਰਤ ਆਪਣੀ ਕਿਸੇ ਸਹੇਲੀ ਨਾਲ ਬੱਸ ਚੋਂ ਉਤਰ ਕੇ ਚਰਚਹਿੱਲ ਸਟਰੀਟ ਵੱਲ ਜਾ ਰਹੀ ਸੀ। ਇੰਦਰਜੀਤ ਉਸ ਦੇ ਪਿੱਛੇ ਗਿਆ ਅਤੇ ਉਸ ਦੇ ਕੰਨਾਂ 'ਚੋਂ ਬੜੀ ਬੇਰਹਿਮੀ ਨਾਲ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਸਨ। ਔਰਤ ਨੇ ਹਿੰਮਤ ਨਹੀਂ ਛੱਡੀ ਅਤੇ ਚੋਰ ਦਾ ਪਿੱਛਾ ਕੀਤਾ ਉਨ੍ਹਾਂ ਨੇ ਚੋਰ ਨੂੰ ਦਬੋਚ ਲੈਣਾ ਸੀ ਕਿ ਉਹ ਪੀੜਤ ਔਰਤ ਨੂੰ ਧੱਕਾ ਦੇ ਕੇ ਦੂਸਰੀ ਬੱਸ 'ਚ ਚੜ੍ਹ ਗਿਆ। ਪੁਲਸ ਨੇ ਜਦੋਂ ਉੱਥੇ ਲੱਗੇ ਗੁਪਤ ਕੈਮਰਿਆਂ ਦੀ ਜਾਂਚ ਕੀਤੀ ਤਾਂ ਚੋਰ ਦੀ ਸਨਾਖਤ ਹੋ ਗਈ। ਜੁਲਾਈ ਮਹੀਨੇ 'ਚ ਚੋਰ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ 'ਚ ਇੰਦਰਜੀਤ ਸਿੰਘ ਨੇ ਲੁੱਟਖੋਹ ਅਤੇ ਹਮਲਾ ਕਰਨ ਦੇ ਦੋਸ਼ ਮਨ ਲਏ। ਅਦਾਲਤ ਵਲੋਂ ਉਸ ਨੂੰ ਦੋ ਸਾਲ, ਦੱਸ ਮਹੀਨੇ ਦੀ ਸਖਤ ਸਜ਼ਾ ਸੁਣਾਈ ਗਈ।


Related News