ਕੁਰਦ ਵਿਦਰੋਹੀਆਂ ਦੇ ਹਮਲੇ ''ਚ ਤੁਰਕੀ ਦੇ ਤਿੰਨ ਫੌਜੀਆਂ ਦੀ ਮੌਤ ਅਤੇ 7 ਜ਼ਖਮੀ

02/02/2018 8:18:43 AM

ਇਸਤਾਂਬੁਲ— ਕੁੱਝ ਵਿਦਰੋਹੀਆਂ ਨੇ ਤੁਰਕੀ ਦੇ ਹੱਕਾਰੀ ਸੂਬੇ ਅਤੇ ਉੱਤਰੀ ਇਰਾਕ 'ਚ ਤਾਇਨਾਤ ਫੌਜੀਆਂ ਨੂੰ ਨਿਸ਼ਾਨਾ ਬਣਾ ਕੇ ਵੱਖ-ਵੱਖ ਹਮਲੇ ਕੀਤੇ, ਜਿਸ 'ਚ ਤੁਰਕੀ ਦੇ 3 ਫੌਜੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਤੁਰਕੀ ਦੀ ਫੌਜ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਫੌਜ ਮੁਤਾਬਕ ਦੇਸ਼ 'ਚੋਂ ਕੱਢੇ ਗਏ ਕੁਰਦਿਸਤਾਨ ਵਰਕਰਜ਼ ਪਾਰਟੀ (ਪੀ.ਕੇ.ਕੇ) ਦੇ ਵਿਦਰੋਹੀਆਂ ਨੇ ਉੱਤਰੀ ਇਰਾਕ 'ਚ ਫੌਜੀਆਂ 'ਤੇ ਹਮਲਾ ਕੀਤਾ, ਜਿਸ 'ਚ 2 ਫੌਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਸ ਦੇ ਇਲਾਵਾ ਵਿਦਰੋਹੀਆਂ ਨੇ ਤੁਰਕੀ ਦੇ ਹੱਕਾਰੀ ਸੂਬੇ 'ਚ ਇਕ ਫੌਜੀ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਜਿਸ 'ਚ ਇਕ ਫੌਜੀ ਮਾਰਿਆ ਗਿਆ ਅਤੇ ਪੰਜ ਹੋਰ ਜ਼ਖਮੀ ਹੋ ਗਏ। 
ਜ਼ਿਕਰਯੋਗ ਹੈ ਕਿ ਪੀ.ਕੇ.ਕੇ ਨੇ ਤੁਰਕੀ ਦੇ ਕੁਰਦ ਬਹੁਲ ਵਾਲੇ ਦੱਖਣ ਪੂਰਬੀ ਖੇਤਰ 'ਚ 1980 ਤੋਂ ਹੀ ਵਿਦਰੋਹ ਦੀ ਸ਼ੁਰੂਆਤ ਕਰ ਦਿੱਤੀ। ਪੀ.ਕੇ.ਕੇ ਦੇ ਉੱਤਰੀ ਇਰਾਕ ਦੇ ਕਾਂਡਿਲ ਪਹਾੜੀ ਖੇਤਰ 'ਚ ਕਈ ਕੈਂਪ ਹਨ, ਜਿੱਥੋਂ ਇਹ ਸੰਗਠਨ ਲਗਾਤਾਰ ਹੱਕਾਰੀ 'ਚ ਹਮਲੇ ਕਰਦਾ ਰਹਿੰਦਾ ਹੈ। ਪੀ.ਕੇ.ਕੇ ਨੂੰ ਤੁਰਕੀ ਅਤੇ ਅਮਰੀਕਾ ਦੇ ਇਲਾਵਾ ਯੂਰਪੀ ਸੰਘ ਵੀ ਇਕ ਅੱਤਵਾਦੀ ਸੰਗਠਨ ਮੰਨਦਾ ਹੈ। ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਜਾਰੀ ਇਸ ਸੰਘਰਸ਼ 'ਚ ਹੁਣ ਤਕ 40 ਹਜ਼ਾਰ ਤੋਂ ਵਧੇਰੇ ਲੋਕ ਮਾਰੇ ਗਏ ਹਨ।


Related News