ਪਾਕਿਸਤਾਨ : ਅੱਤਵਾਦੀ ਹਮਲੇ ''ਚ ਸੱਤ ਮਜ਼ਦੂਰਾਂ ਦੀ ਮੌਤ

Thursday, May 09, 2024 - 01:17 PM (IST)

ਪਾਕਿਸਤਾਨ : ਅੱਤਵਾਦੀ ਹਮਲੇ ''ਚ ਸੱਤ ਮਜ਼ਦੂਰਾਂ ਦੀ ਮੌਤ

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਖੇਤਰ ਵਿਚ ਸਥਿਤ ਬੰਦਰਗਾਹ ਸ਼ਹਿਰ ਗਵਾਦਰ ਵਿਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿਚ ਘੱਟੋ-ਘੱਟ 7 ਮਜ਼ਦੂਰ ਮਾਰੇ ਗਏ। ਪਾਕਿਸਤਾਨੀ ਚੈਨਲ ਜੀਓ ਨਿਊਜ਼ ਨੇ ਗਵਾਦਰ ਪੁਲਸ ਸਟੇਸ਼ਨ ਦੇ ਇੰਚਾਰਜ (ਐਸ.ਐਚ.ਓ.) ਮੋਹਸਿਨ ਅਲੀ ਦੇ ਹਵਾਲੇ ਨਾਲ ਦੱਸਿਆ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਸੁਰਬੰਦਰ ਇਲਾਕੇ 'ਚ ਗਵਾਦਰ ਫਿਸ਼ ਹਾਰਬਰ ਨੇੜੇ ਇਕ ਇਮਾਰਤ 'ਤੇ ਗੋਲੀਬਾਰੀ ਕੀਤੀ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲੇ 'ਚ ਮਾਰੇ ਗਏ ਅਤੇ ਜ਼ਖਮੀ ਹੋਏ ਵਿਅਕਤੀ ਇਲਾਕੇ 'ਚ ਵਾਲ ਕੱਟਣ ਦੀ ਦੁਕਾਨ 'ਤੇ ਕੰਮ ਕਰਦੇ ਸਨ। ਉਹ ਖਾਨੇਵਾਲ, ਪੰਜਾਬ ਦੇ ਵਸਨੀਕ ਸਨ। ਪੁਲਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਗਵਾਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਵੀ ਇੱਥੇ ਭੇਜ ਦਿੱਤੀਆਂ ਗਈਆਂ ਹਨ। ਹੁਣ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਰਫਾਹ ਹਮਲੇ ਦੇ ਵਿਨਾਸ਼ਕਾਰੀ ਪ੍ਰਭਾਵਾਂ 'ਤੇ ਇਜ਼ਰਾਈਲ ਨੂੰ ਦਿੱਤੀ ਚਿਤਾਵਨੀ 

ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਗਵਾਦਰ 'ਚ ਹੋਏ ਹਮਲੇ 'ਚ ਜਾਨੀ ਨੁਕਸਾਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਮਾਮਲੇ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਫੜਨ ਲਈ ਹਰ ਤਰ੍ਹਾਂ ਦੀ ਤਾਕਤ ਵਰਤੀ ਜਾਵੇਗੀ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਜ਼ਿਆ ਉੱਲਾ ਲੰਗੋ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਵਰਕਰਾਂ ਨੂੰ ਮਾਰਨਾ ਕਾਇਰਤਾ ਭਰੀ ਹਰਕਤ ਹੈ ਅਤੇ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਹ ਘਟਨਾ ਬਲੋਚਿਸਤਾਨ ਦੇ ਨੁਸ਼ਕੀ ਜ਼ਿਲੇ 'ਚ ਵੱਖ-ਵੱਖ ਅੱਤਵਾਦੀ ਘਟਨਾਵਾਂ 'ਚ ਅਣਪਛਾਤੇ ਹਮਲਾਵਰਾਂ ਨੇ 11 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਹਫ਼ਤੇ ਬਾਅਦ ਵਾਪਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News