ਤੁਰਕੀ ''ਚ 610 ਸਾਲ ਪੁਰਾਣੀ ਮਸਜਿਦ ਨੂੰ ਕੀਤਾ ਗਿਆ ਸ਼ਿਫਟ
Sunday, Dec 23, 2018 - 10:53 AM (IST)

ਇਸਤਾਂਬੁਲ (ਬਿਊਰੋ)— ਤੁਰਕੀ ਦੇ ਹਸਨਕੈਫ ਵਿਚ ਦੇਸ਼ ਦੇ ਚੌਥੇ ਸਭ ਤੋਂ ਵੱਡੇ ਅਤੇ ਸ਼ਕਤੀਸ਼ਾਲੀ ਬੰਨ੍ਹ ਇਲੀਸੁ ਦਾ ਨਿਰਮਾਣ ਕੰਮ ਚੱਲ ਰਿਹਾ ਹੈ। ਅਜਿਹੇ ਵਿਚ 15ਵੀਂ ਸਦੀ ਦੀ ਇਕ 610 ਸਾਲ ਪੁਰਾਣੀ ਮਸਜਿਦ ਬੰਨ੍ਹ ਬਣਾਉਣ ਦੇ ਰਸਤੇ ਵਿਚ ਆ ਰਹੀ ਸੀ। ਮਾਹਰਾਂ ਨੇ ਇਸ ਸਮੱਸਿਆ ਦਾ ਹੱਲ ਕੱਢਦਿਆਂ ਮਸਜਿਦ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਰੋਬੋਟ ਟਰਾਂਸਪੋਰਟ ਜ਼ਰੀਏ 2 ਕਿਲੋਮੀਟਰ ਦੂਰ ਸਥਾਪਿਤ ਕਰ ਦਿੱਤਾ।
ਇਸ ਲਈ ਪ੍ਰਸ਼ਾਸਨ ਨੇ ਪਹਿਲਾਂ ਕਾਮਿਆਂ ਦੀ ਮਦਦ ਨਾਲ ਸਾਲਾਂ ਤੋਂ ਸੁਰੱਖਿਅਤ ਰੱਖੀ ਇਸ ਵਿਰਾਸਤ ਦੀਆਂ ਕੰਧਾਂ ਨੂੰ ਤੁੜਵਾਇਆ। ਫਿਰ ਇਸ ਦੇ ਹੇਠਲੇ ਹਿੱਸੇ ਨੂੰ ਜ਼ਮੀਨ ਤੋਂ ਵੱਖ ਕਰਵਾਇਆ ਗਿਆ, ਜਿਸ ਮਗਰੋਂ ਰੋਬੋਟ ਟਰਾਂਸਪੋਰਟ ਜ਼ਰੀਏ ਮਸਜਿਦ ਨੂੰ ਦੂਜੀ ਜਗ੍ਹਾ ਸ਼ਿਫਟ ਕਰ ਦਿੱਤਾ ਗਿਆ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਤੁਰਕੀ ਦੀ ਇਯੁਬੀ ਮਸਜਿਦ ਹਸਨਕੈਫ ਵਿਚ ਮੌਜੂਦ ਸੀ। ਜਿੱਥੇ ਤੁਰਕੀ ਦੇ ਚੌਥੇ ਸਭ ਤੋਂ ਵੱਡੇ ਬੰਨ੍ਹ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਮਸਜਿਦ ਨੂੰ ਪਾਣੀ ਤੋਂ ਬਚਾਉਣ ਲਈ ਇਸ ਨੂੰ ਦੂਜੀ ਜਗ੍ਹਾ ਸ਼ਿਫਟ ਕਰ ਦਿੱਤਾ ਗਿਆ।
ਇੱਥੇ ਦੱਸ ਦਈਏ ਕਿ ਇਯੁਬੀ ਮਸਜਿਦ ਦਾ ਕੁੱਲ ਵਜ਼ਨ 2500 ਟਨ ਹੈ। ਵਜ਼ਨ ਜ਼ਿਆਦਾ ਹੋਣ ਕਾਰਨ ਇਸ ਨੂੰ ਪਹਿਲਾਂ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਫਿਰ 300 ਪਹੀਆਂ ਵਾਲੇ ਸ਼ਕਤੀਸ਼ਾਲੀ ਰੋਬੋਟ ਜ਼ਰੀਏ ਨਿਊ ਕਲਚਰ ਪਾਰਕ ਫੀਲਡ ਵਿਚ ਸ਼ਿਫਟ ਕਰ ਦਿੱਤਾ ਗਿਆ। ਹਸਨਕੈਫ ਸ਼ਹਿਰ ਦੇ ਮੇਅਰ ਅਬਦੁੱਲਵਹਾਏ ਕੁਸੈਨ ਨੇ ਦੱਸਿਆ ਕਿ ਬੰਨ੍ਹ ਦੇ ਪਾਣੀ ਨਾਲ ਇਤਿਹਾਸਿਕ ਇਮਾਰਤਾਂ ਖਰਾਬ ਨਾ ਹੋ ਜਾਣ ਇਸ ਲਈ ਇਮਾਰਤਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਜਾ ਰਿਹਾ ਹੈ। ਹਸਨਕੈਫ ਨੂੰ ਸਾਲ 1981 ਤੋਂ ਇਕ ਸੁਰੱਖਿਅਤ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਇੱਥੇ ਕਰੀਬ 6 ਹਜ਼ਾਰ ਗੁਫਾਫਾਂ ਅਤੇ ਬਾਈਜੇਂਟਾਇਨ ਯੁੱਗ ਦਾ ਇਕ ਕਿਲਾ ਹੈ।