ਕੈਨੇਡਾ ਨਾਲ ਜੁੜੀ ਝੀਲ ਦਾ ਨਾਂ ਬਦਲਣ ਦੀ ਤਿਆਰੀ ’ਚ ਟਰੰਪ

Wednesday, Aug 26, 2026 - 03:44 AM (IST)

ਕੈਨੇਡਾ ਨਾਲ ਜੁੜੀ ਝੀਲ ਦਾ ਨਾਂ ਬਦਲਣ ਦੀ ਤਿਆਰੀ ’ਚ ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨਾਲ ਜੁੜੀ ਝੀਲ ਦਾ ਨਾਂ ਬਦਲਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਹ ‘ਲੇਕ ਓਨਟਾਰੀਓ’ ਦਾ ਨਾਂ ਬਦਲ ਕੇ ‘ਲੇਕ ਅਮਰੀਕਾ’ ਰੱਖਣ ’ਤੇ ਵਿਚਾਰ ਕਰ ਰਹੇ ਹਨ।

‘ਲੇਕ ਓਨਟਾਰੀਓ’ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ’ਤੇ ਸਥਿਤ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਟੈਰਿਫ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ। ਅਮਰੀਕਾ ਅਤੇ ਕੈਨੇਡਾ ਨੇ ਇਕ-ਦੂਜੇ ’ਤੇ 50 ਫੀਸਦੀ ਟੈਰਿਫ ਲਾ ਦਿੱਤਾ ਹੈ।

‘ਲੇਕ ਓਨਟਾਰੀਓ’ ਦਾ ਨਾਂ ਬਦਲਣ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਹੋਇਆ ਹੈ ਅਤੇ ਨਾ ਹੀ ਰਸਮੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਕਿਸੇ ਜਗ੍ਹਾ ਦਾ ਨਾਂ ਬਦਲਣ ਦੀ ਗੱਲ ਕਹੀ ਹੋਵੇ। ਜਨਵਰੀ 2025 ਵਿਚ ਉਨ੍ਹਾਂ ਨੇ ਅਮਰੀਕੀ ਸਰਕਾਰੀ ਦਸਤਾਵੇਜ਼ਾਂ ਵਿਚ ‘ਗਲਫ਼ ਆਫ਼ ਮੈਕਸੀਕੋ’ ਨੂੰ ‘ਗਲਫ਼ ਆਫ਼ ਅਮਰੀਕਾ’ ਕਹਿਣ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਉਸ ਫੈਸਲੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਨਹੀਂ ਮਿਲੀ ਸੀ।

‘ਲੇਕ ਓਨਟਾਰੀਓ’ ਉੱਤਰੀ ਅਮਰੀਕਾ ਦੀਆਂ 5 ਵੱਡੀਆਂ ਝੀਲਾਂ (ਗ੍ਰੇਟ ਲੇਕਸ) ਵਿਚੋਂ ਇਕ ਹੈ। ਇਸ ਦਾ ਉੱਤਰੀ ਕਿਨਾਰਾ ਕੈਨੇਡਾ ਦੇ ਓਨਟਾਰੀਓ ਸੂਬੇ ਅਤੇ ਦੱਖਣੀ ਕਿਨਾਰਾ ਅਮਰੀਕਾ ਦੇ ਨਿਊਯਾਰਕ ਸੂਬੇ ਨਾਲ ਜੁੜਿਆ ਹੋਇਆ ਹੈ।


author

Inder Prajapati

Content Editor

Related News