ਕੈਨੇਡੀਅਨ ਨਾਗਰਿਕ ਤੈਅ ਕਰਨਗੇ ਕੈਨੇਡਾ ਦਾ ਭਵਿੱਖ ; PM ਕਾਰਨੀ

Saturday, Oct 10, 2026 - 04:54 PM (IST)

ਕੈਨੇਡੀਅਨ ਨਾਗਰਿਕ ਤੈਅ ਕਰਨਗੇ ਕੈਨੇਡਾ ਦਾ ਭਵਿੱਖ ; PM ਕਾਰਨੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਊਬੈਕ, ਅਲਬਰਟਾ ਅਤੇ ਸਸਕੈਚਵਨ ਨੂੰ ਦੇਸ਼ ਤੋਂ ਵੱਖ ਹੋਣ ਦੀ ਐਲਨ ਮਸਕ ਦੀ ਅਪੀਲ ਨੂੰ ਖਾਰਜ ਕਰਦਿਆਂ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਦਾ ਭਵਿੱਖ ਉੱਥੋਂ ਦੇ ਲੋਕ ਹੀ ਤੈਅ ਕਰਨਗੇ। ਮਸਕ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਕਾਰਨੀ ਨੇ ਕਿਹਾ, ‘‘ਕੈਨੇਡਾ ਦਾ ਭਵਿੱਖ ਇੱਥੋਂ ਦੇ ਨਾਗਰਿਕ, ਉਨ੍ਹਾਂ ਦੀਆਂ ਤਰਜੀਹਾਂ ਅਤੇ ਕਿਊਬੈਕ ਦੇ ਲੋਕਾਂ ਦੀਆਂ ਇੱਛਾਵਾਂ ਤੈਅ ਕਰਨਗੀਆਂ।’’ ਕਾਰਨੀ ਨੇ ਕਿਹਾ ਕਿ ਕੈਨੇਡਾ ਦੇ ਨਾਗਰਿਕਾਂ ਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਅਨੁਸਾਰ ਜੀਵਨ ਜਿਊਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ, ‘‘ਸਾਨੂੰ ਵਿਦੇਸ਼ੀ ਸਰਕਾਰਾਂ ਜਾਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਦਖ਼ਲ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਇਹ ਗਲਤ ਧਾਰਨਾ ਨਹੀਂ ਰੱਖਣੀ ਚਾਹੀਦੀ ਕਿ ਉਹ ਤੈਅ ਕਰ ਸਕਦੀਆਂ ਹਨ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।’’ ਮਸਕ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਊਬੈਕ ਦੇ ਪ੍ਰੀਮੀਅਰ ਪੌਲ ਸੈਂਟ-ਪੀਅਰੇ ਪਲਾਮੋਂਡੋਨ ਨਾਲ ਸਬੰਧਤ ਇਕ ਪੋਸਟ ’ਤੇ ਟਿੱਪਣੀ ਕਰ ਕੇ ਕੈਨੇਡਾ ਵਿਚ ਵੱਖਵਾਦ ਦੀ ਬਹਿਸ ਨੂੰ ਹਵਾ ਦੇ ਦਿੱਤੀ ਸੀ। ਵੱਖਵਾਦੀ ਵਿਚਾਰਧਾਰਾ ਵਾਲੀ ਪਲਾਮੋਂਡੋਨ ਦੀ ਪਾਰਟੀ ‘ਪਾਰਟੀ ਕਿਊਬੈਕੋਸ’ ਨੇ ਸੋਮਵਾਰ ਨੂੰ ਸੂਬਾਈ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ।
 


author

Harpreet SIngh

Content Editor

Related News