ਟਰੰਪ ਦੇ ਕੋਲ ਹੈ ਸਿਰਫ ਇਕ ਸਰਕਾਰੀ ਆਈਫੋਨ!

10/26/2018 2:49:02 PM

ਵਾਸ਼ਿੰਗਟਨ— ਵਾਈਟ ਹਾਊਸ ਨੇ ਇਕ ਪੱਤਰਕਾਰ ਏਜੰਸੀ ਦੀ ਉਸ ਰਿਪੋਰਟ ਨੂੰ ਖਾਰਿਜ ਕਰਨ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਲ ਤਿੰਨ ਸੈੱਲਫੋਨ ਹਨ। ਵਾਈਟ ਹਾਊਸ ਨੇ ਕਿਹਾ ਕਿ ਟਰੰਪ ਦੇ ਕੋਲ ਸਿਰਫ ਇਕ ਸਰਕਾਰੀ ਆਈਫੋਨ ਹੈ, ਜਿਸ ਨੂੰ ਸੁਰੱਖਿਅਤ ਰੱਖਣ ਦੇ ਲਈ ਚੋਟੀ ਦੇ ਸੁਰੱਖਿਆ ਮਾਨਕਾਂ ਦਾ ਪਾਲਣ ਕੀਤਾ ਜਾਂਦਾ ਹੈ।

ਖੂਫੀਆ ਏਜੰਸੀਆਂ ਦੇ ਹਵਾਲੇ ਨਾਲ ਅਖਬਾਰ ਨੇ ਖਬਰ ਦਿੱਤੀ ਸੀ ਕਿ ਚੀਨ ਤੇ ਰੂਸ ਟਰੰਪ ਦੇ ਫੋਨ 'ਤੇ ਹੋਣ ਵਾਲੀ ਗੱਲਬਾਤ ਸੁਣਦੇ ਹਨ, ਕਿਉਂਕਿ ਉਹ 'ਗੱਪ-ਸ਼ੱਪ' ਦੇ ਲਈ ਆਪਣੇ ਅਸੁਰੱਖਿਅਤ ਸੈੱਲਫੋਨ ਦੀ ਵਰਤੋਂ ਕਰਦੇ ਹਨ। ਟਰੰਪ ਨੇ ਅਮਰੀਕਾ ਦੀ ਇਕ ਪੱਤਰਕਾਰ ਏਜੰਸੀ ਦੀ ਰਿਪੋਰਟ ਨੂੰ 'ਫਰਜ਼ੀ ਖਬਰ' ਕਰਾਰ ਦਿੱਤਾ ਤੇ ਕਿਹਾ ਕਿ ਉਹ ਕਦੇ-ਕਦੇ ਹੀ ਆਪਣੇ ਸੈੱਲਫੋਨ ਦੀ ਵਰਤੋਂ ਕਰਦੇ ਹਨ।

ਅਮਰੀਕਾ ਦੀ ਪੱਤਰਕਾਰ ਏਜੰਸੀ ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਉਹ ਆਪਣੀ ਖਬਰ 'ਤੇ ਕਾਇਮ ਹੈ। ਟਰੰਪ ਨੇ ਟਵੀਟ ਤੇ ਵਾਈਟ ਹਾਊਸ ਨੇ ਦੇਰ ਰਾਤ ਇਕ ਬਿਆਨ ਜਾਰੀ ਕਰਦਿਆਂ ਅਖਬਾਰ ਦੀ ਉਸ ਰਿਪੋਰਟ ਨੂੰ ਚੁਣੌਤੀ ਦਿੱਤੀ ਹੈ। ਅਣਪਛਾਤੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਅਖਬਾਰ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰਪਤੀ ਦੇ ਕੋਲ ਦੋ ਸਰਕਾਰੀ ਆਈਫੋਨ ਹਨ, ਜਿਸ 'ਚ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਕੁਝ ਬਦਲਾਅ ਕੀਤੇ ਹਨ ਤਾਂ ਕਿ ਇਨ੍ਹਾਂ ਫੋਨਾਂ 'ਚ ਘੱਟ ਤੋਂ ਘੱਟ ਖਾਮੀਆਂ ਰਹਿਣ। ਖਬਰ ਮੁਤਾਬਕ ਟਰੰਪ ਦੇ ਕੋਲ ਇਕ ਤੀਜਾ ਨਿੱਜੀ ਆਈਫੋਨ ਵੀ ਹੈ ਜੋ ਦੁਨੀਆ ਭਰ 'ਚ ਵਰਤੇ ਜਾ ਰਹੇ ਆਈਫੋਨਾਂ ਤੋਂ ਵੱਖਰਾ ਹੈ।

ਪੱਤਰਕਾਰ ਏਜੰਸੀ ਨੇ ਦੁਹਰਾਇਆ ਕਿ ਟਰੰਪ ਜਦੋਂ ਇਨ੍ਹਾਂ ਸੈੱਲਫੋਨਾਂ ਨਾਲ ਆਪਣੇ ਦੋਸਤਾਂ ਨਾਲ ਗੱਲ ਕਰਦੇ ਹਨ ਤਾਂ ਚੀਨ ਤੇ ਰੂਸ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ। ਵਾਈਟ ਹਾਊਸ ਦੇ ਉਪ-ਪ੍ਰੈੱਸ ਸਕੱਤਰ ਹਾਗਨ ਗਿਡਲੀ ਨੇ ਦੱਸਿਆ ਕਿ ਪੱਤਰਕਾਰ ਏਜੰਸੀ ਵਲੋਂ ਲਿਖੇ ਗਏ ਲੇਖ 'ਚ ਰਾਸ਼ਟਰਪਤੀ ਦੇ ਸੈੱਲਫੋਨ ਤੇ ਇਸ ਦੀ ਵਰਤੋਂ ਦੇ ਬਾਰੇ ਗਲਤ ਸੂਚਨਾਵਾਂ ਦਿੱਤੀਆਂ ਗਈਆਂ ਹਨ। ਰਾਸ਼ਟਰਪਤੀ ਦੇ ਕੋਲ ਤਿੰਨ ਸੈਲੂਲਰ ਫੋਨ ਨਹੀਂ ਹਨ। ਉਨ੍ਹਾਂ ਦੇ ਕੋਲ ਇਕ ਹੀ ਸਰਕਾਰੀ ਫੋਨ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਫੋਨ ਸੁਰੱਖਿਆ ਦੇ ਚੋਟੀ ਦੇ ਮਾਨਕਾਂ ਦਾ ਪਾਲਣ ਕਰਦਾ ਹੈ। ਉਦਯੋਗ ਸਾਂਝੇਦਾਰੀ ਦੀਆਂ ਸਿਫਾਰਿਸ਼ਾਂ ਦੇ ਨਾਲ ਇਸ ਦਾ ਪ੍ਰਬੰਧਨ ਸਰਕਾਰੀ ਨਿਗਰਾਨੀ 'ਚ ਕੀਤਾ ਜਾਂਦਾ ਹੈ।


Related News