ਟਰੇਨ ਦੇ ਤੈਅ ਸਮੇਂ ਤੋਂ ਪਹਿਲਾਂ ਰਵਾਨਾ ਹੋਣ ''ਤੇ ਕੰਪਨੀ ਨੇ ਯਾਤਰੀਆਂ ਤੋਂ ਮੰਗੀ ਮੁਆਫੀ

11/17/2017 10:56:39 AM

ਟੋਕੀਓ(ਬਿਊਰੋ)— ਭਾਰਤ ਵਿਚ ਟਰੇਨਾਂ ਦਾ ਸਮੇਂ 'ਤੇ ਆਉਣਾ ਅਤੇ ਸਮੇਂ 'ਤੇ ਜਾਣਾ ਕਿਸਮਤ ਦੀ ਖੇਡ ਤਰ੍ਹਾਂ ਹੁੰਦਾ ਹੈ ਪਰ ਜਾਪਾਨ ਵਿਚ ਟਰੇਨ ਦੇ 20 ਸਕਿੰਟ ਪਹਿਲਾਂ ਸਟੇਸ਼ਨ ਤੋਂ ਰਵਾਨਾ ਹੋਣ 'ਤੇ ਕੰਪਨੀ ਨੂੰ ਮੁਆਫੀ ਮੰਗਣੀ ਪਈ ਹੈ। ਦੁਨੀਆ ਭਰ ਵਿਚ ਆਪਣੀ ਰੇਲ ਸੇਵਾ ਲਈ ਮਸ਼ਹੂਰ ਇਸ ਦੇਸ਼ ਵਿਚ ਟਰੇਨਾਂ ਦਾ ਸੰਚਾਲਨ ਕਿੰਨੇ ਨਿਯਮਬੱਧ ਤਰੀਕੇ ਨਾਲ ਹੁੰਦਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, ਕਿ ਜੇਕਰ ਟਰੇਨ ਆਪਣੇ ਤੈਅ ਸਮੇਂ ਤੋਂ ਸਿਰਫ 20 ਸਕਿੰਟ ਪਹਿਲਾਂ ਸਟੇਸ਼ਨ ਤੋਂ ਚਲੇ ਜਾਂਦੀ ਹੈ ਤਾਂ ਰੇਲ ਪ੍ਰਸ਼ਾਸਨ ਨੂੰ ਜਨਤਕ ਰੂਪ ਤੋਂ ਮੁਆਫੀ ਮੰਗਣੀ ਪੈਂਦੀ ਹੈ। ਤੁਹਾਨੂੰ ਦੱਸ ਦਈਏ ਕਿ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਅਕਿਹਾਬਰਾ ਅਤੇ ਇਬਾਰਕੀ ਸੂਬੇ ਦੇ ਸੁਕੁਬਾ ਦਰਮਿਆਨ ਚੱਲਣ ਵਾਲੀ ਸੁਕੁਬਾ-ਐਕਸਪ੍ਰੈਸ ਲਾਈਨ ਦਾ ਸੰਚਾਲਨ ਟੋਕੀਓ-ਏਰੀਆ ਮੈਟਰੋਪਾਲੀਟਨ ਇੰਟਰਸਿਟੀ ਰੈਲ ਕੰਪਨੀ ਕਰਦੀ ਹੈ।
ਮੰਗਲਵਾਰ ਨੂੰ ਜਾਪਾਨ ਦੇ ਮਿਨਾਮੀ ਨਾਗਰੇਯਾਮਾ ਸਟੇਸ਼ਨ 'ਤੇ ਰੋਜ਼ ਦੀ ਹੀ ਤਰ੍ਹਾਂ ਟਰੇਨ ਦੇ ਰਵਾਨਾ ਹੋਣ ਦਾ ਸਥਾਨਕ ਸਮਾਂ ਸਵੇਰੇ 9:44 ਮਿੰਟ ਸੀ ਪਰ ਟਰੇਨ ਆਪਣੇ ਮਿੱਥੇ ਗਏ ਸਮੇਂ ਤੋਂ 20 ਸਕਿੰਟ ਪਹਿਲਾਂ ਭਾਵ 9:43 ਮਿੰਟ ਅਤੇ 40 ਸਕਿੰਟ 'ਤੇ ਰਵਾਨਾ ਹੋ ਗਈ। ਇਥੇ ਧਿਆਨ ਦੇਣ ਯੋਗ ਹੈ ਕਿ ਜਾਪਾਨ ਦੇ ਇਸ ਸਟੇਸ਼ਨ ਤੋਂ ਹਰ 4 ਮਿੰਟ ਵਿਚ ਇਕ ਟਰੇਨ ਲੰਘਦੀ ਹੈ। ਮੰਗਲਵਾਰ ਨੂੰ ਹੋਏ ਇਸ ਫੇਰਬਦਲ ਦਾ ਸ਼ਾਇਦ ਹੀ ਯਾਤਰੀਆਂ ਨੂੰ ਪਤਾ ਲੱਗਾ ਹੋਵੇਗਾ। ਟਰੇਨ ਦੇ ਸਮੇਂ ਤੋਂ ਪਹਿਲਾਂ ਰਵਾਨਾ ਹੋਣ ਦੇ ਬਾਰੇ ਵਿਚ ਜਦੋਂ ਕੰਪਨੀ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਆਪਣੀ ਅਧਿਕਾਰਤ ਵੈਬਸਾਈਟ 'ਤੇ ਇਸ ਲਈ ਮੁਆਫੀ ਮੰਗੀ।
ਟੋਕੀਓ-ਏਰੀਆ ਮੈਟਰੋਪਾਲੀਟਨ ਇੰਟਰਸਿਟੀ ਰੇਲ ਕੰਪਨੀ ਨੇ ਆਪਣੇ ਬਿਆਨ ਵਿਚ ਲਿਖਿਆ,''ਟਰੇਨ ਆਪਣੇ ਤੈਅ ਸਮੇਂ ਤੋਂ ਪਹਿਲਾਂ ਰਵਾਨਾ ਹੋ ਗਈ, ਇਸ ਕਾਰਨ ਯਾਤਰੀਆਂ ਨੂੰ ਬਹੁਤ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਉਨ੍ਹਾਂ ਨੂੰ ਹੋਈ ਅਸੁਵਿਧਾ ਲਈ ਅਸੀਂ ਮੁਆਫੀ ਮੰਗਦੇ ਹਾਂ।'' ਸੋਚਣ ਦੀ ਗੱਲ ਇਹ ਹੈ ਕਿ 20 ਸਕਿੰਟ ਲਈ ਜਾਪਾਨ ਵਿਚ ਰੇਲਵੇ ਨੂੰ ਮੁਆਫੀ ਮੰਗਣੀ ਪਈ ਹੈ ਅਤੇ ਭਾਰਤ ਵਿਚ ਟਰੇਨਾਂ ਦਾ ਸਹੀ ਸਮੇਂ 'ਤੇ ਆਉਣਾ ਹੀ ਆਪਣੇ ਆਪ ਵਿਚ ਬਹੁਤ ਵੱਡੀ ਗੱਲ ਹੈ।

 


Related News