ਇੰਡੀਗੋ ਦੀ ਵੱਡੀ ਲਾਪਰਵਾਹੀ, ਲੈਂਡਿੰਗ ਤੋਂ ਪਹਿਲਾਂ ਜਹਾਜ਼ ’ਚ ਬਚਿਆ ਸੀ ਸਿਰਫ਼ 2 ਮਿੰਟ ਦਾ ਈਂਧਨ, ਰੁਕੇ ਯਾਤਰੀਆਂ ਦੇ ਸਾਹ

Tuesday, Apr 16, 2024 - 01:12 AM (IST)

ਇੰਡੀਗੋ ਦੀ ਵੱਡੀ ਲਾਪਰਵਾਹੀ, ਲੈਂਡਿੰਗ ਤੋਂ ਪਹਿਲਾਂ ਜਹਾਜ਼ ’ਚ ਬਚਿਆ ਸੀ ਸਿਰਫ਼ 2 ਮਿੰਟ ਦਾ ਈਂਧਨ, ਰੁਕੇ ਯਾਤਰੀਆਂ ਦੇ ਸਾਹ

ਜਲੰਧਰ (ਇੰਟ)– ਅਯੁੱਧਿਆ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ’ਤੇ ਉਸ ਸਮੇਂ ਖ਼ਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ, ਜਦੋਂ ਜਹਾਜ਼ ’ਚ ਸਿਰਫ਼ 2 ਮਿੰਟ ਦਾ ਈਂਧਨ ਬਚਿਆ ਤੇ ਯਾਤਰੀਆਂ ਦੇ ਹਵਾ ’ਚ ਸਾਹ ਰੁਕ ਗਏ ਸਨ। ਖ਼ਰਾਬ ਮੌਸਮ ਕਾਰਨ ਇੰਡੀਗੋ ਦਾ ਜਹਾਜ਼ ਦਿੱਲੀ ਏਅਰਪੋਰਟ ’ਤੇ ਨਹੀਂ ਉਤਰ ਸਕਿਆ ਤੇ ਇਸ ਨੂੰ ਚੰਡੀਗੜ੍ਹ ’ਚ ਲੈਂਡ ਕਰਵਾਉਣਾ ਪਿਆ। ਇਸ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਕਹਿਣਾ ਹੈ ਕਿ ਲੈਂਡਿੰਗ ਤੋਂ ਬਾਅਦ ਚਾਲਕ ਦਲ ਦੇ 1 ਮੈਂਬਰ ਨੇ ਉਨ੍ਹਾਂ ਨੂੰ ਦੱਸਿਆ ਕਿ ਜਹਾਜ਼ ’ਚ ਸਿਰਫ਼ 2 ਮਿੰਟ ਦਾ ਈਂਧਨ ਬਚਿਆ ਸੀ।

ਸੋਸ਼ਲ ਮੀਡੀਆ ’ਤੇ ਪੁਲਸ ਅਧਿਕਾਰੀ ਨੇ ਬਿਅਾਨ ਕੀਤੀ ਘਟਨਾ
ਇਸ ਜਹਾਜ਼ ’ਚ ਸਵਾਰ 1 ਯਾਤਰੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਇਸ ਭਿਆਨਕ ਤਜਰਬੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਾਰਨ ਦੀ 2 ਵਾਰ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਹੀਂ ਮਿਲੀ। ਇਸ ਤੋਂ ਬਾਅਦ ਜਹਾਜ਼ ਨੂੰ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ, ਅਜਿਹੇ ’ਚ ਇੰਡੀਗੋ ’ਤੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) ਦੀ ਉਲੰਘਣਾ ਦਾ ਦੋਸ਼ ਲੱਗ ਰਿਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਜਹਾਜ਼ ’ਚ ਡਿਪਟੀ ਕਮਿਸ਼ਨਰ (ਕ੍ਰਾਈਮ) ਪੁਲਸ ਸਤੀਸ਼ ਕੁਮਾਰ ਵੀ ਸਫ਼ਰ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਭਿਆਨਕ ਸੜਕ ਹਾਦਸੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਮਹੀਨਾ ਪਹਿਲਾਂ ਹੀ ਲੱਗਾ ਸੀ ਵੀਜ਼ਾ

ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਇੰਡੀਗੋ ਦੀ ਇਹ ਫਲਾਈਟ 13 ਅਪ੍ਰੈਲ ਨੂੰ ਦੁਪਹਿਰ 3.25 ਵਜੇ ਅਯੁੱਧਿਆ ਤੋਂ ਰਵਾਨਾ ਹੋ ਕੇ ਸ਼ਾਮ 4.30 ਵਜੇ ਦਿੱਲੀ ਪੁੱਜਣੀ ਸੀ। ਹਾਲਾਂਕਿ ਲੈਂਡਿੰਗ ਤੋਂ ਕਰੀਬ 15 ਮਿੰਟ ਪਹਿਲਾਂ ਪਾਇਲਟ ਨੇ ਐਲਾਨ ਕੀਤਾ ਕਿ ਦਿੱਲੀ ਦੇ ਖ਼ਰਾਬ ਮੌਸਮ ਕਾਰਨ ਫਲਾਈਟ ਉਥੇ ਨਹੀਂ ਉਤਰ ਸਕੇਗੀ। ਜਹਾਜ਼ ਕੁਝ ਦੇਰ ਦਿੱਲੀ ਦੇ ਅਸਮਾਨ ’ਚ ਚੱਕਰ ਲਾਉਂਦਾ ਰਿਹਾ। ਜਹਾਜ਼ ਨੇ 2 ਵਾਰ ਲੈਂਡ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਦੋਵੇਂ ਵਾਰ ਅਸਫ਼ਲ ਰਿਹਾ।

ਡਾਈਵਰਟ ਕਰਨ ਤੋਂ ਪਹਿਲਾਂ ਜਹਾਜ਼ ’ਚ ਸੀ 45 ਮਿੰਟ ਦਾ ਈਂਧਨ
ਕੁਮਾਰ ਦਾ ਹਵਾਲਾ ਦਿੰਦਿਆਂ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਇਲਟ ਨੇ ਸ਼ਾਮ 4.15 ’ਤੇ ਯਾਤਰੀਆਂ ਨੂੰ ਦੱਸਿਆ ਕਿ ਜਹਾਜ਼ ’ਚ ਸਿਰਫ਼ 45 ਮਿੰਟ ਦਾ ਈਂਧਨ ਬਚਿਆ ਹੈ। ਇਸ ਦੌਰਾਨ 2 ਵਾਰ ਲੈਂਡਿੰਗ ਦੀ ਕੋਸ਼ਿਸ਼ ਕੀਤੀ ਗਈ ਤੇ ਆਖਰਕਾਰ ਸ਼ਾਮ 5.30 ਵਜੇ ਪਾਇਲਟ ਨੇ ਦੱਸਿਆ ਕਿ ਉਹ ਜਹਾਜ਼ ਨੂੰ ਚੰਡੀਗੜ੍ਹ ਵੱਲ ਮੋੜ ਰਹੇ ਹਨ। ਇਸ ਦੌਰਾਨ ਕਈ ਯਾਤਰੀਆਂ ਦੀ ਸਿਹਤ ਵਿਗੜ ਗਈ ਤੇ ਚਾਲਕ ਦਲ ਦੇ ਇਕ ਮੈਂਬਰ ਨੂੰ ਉਲਟੀਆਂ ਆਉਣ ਲੱਗੀਆਂ।

ਸਤੀਸ਼ ਕੁਮਾਰ ਨੇ ਦੱਸਿਆ ਕਿ ਜਹਾਜ਼ ’ਚ 45 ਮਿੰਟ ਦਾ ਈਂਧਨ ਬਚਣ ਦੇ ਐਲਾਨ ਤੋਂ ਬਾਅਦ ਸ਼ਾਮ 6.10 ਵਜੇ 115 ਮਿੰਟ ’ਤੇ ਜਹਾਜ਼ ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਉਤਾਰਿਆ ਗਿਆ। ਲੈਂਡਿੰਗ ਤੋਂ ਬਾਅਦ ਸਾਨੂੰ ਚਾਲਕ ਟੀਮ ਦੇ 1 ਮੈਂਬਰ ਤੋਂ ਪਤਾ ਲੱਗਾ ਕਿ ਅਸੀਂ ਬਿਲਕੁਲ ਆਖਰੀ ਸਮੇਂ ’ਤੇ ਉਤਰੇ ਸੀ, ਅਸਲ ’ਚ ਜਹਾਜ਼ ’ਚ ਸਿਰਫ਼ 1 ਤੋਂ 2 ਮਿੰਟ ਦਾ ਈਂਧਨ ਬਚਿਆ ਸੀ, ਜੋ ਇਕ ਵੱਡੀ ਲਾਪ੍ਰਵਾਹੀ ਹੈ।

ਕੁਮਾਰ ਨੇ ਪੋਸਟ ’ਚ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਵੀ ਟੈਗ ਕੀਤਾ ਹੈ। ਇਸ ਦੇ ਨਾਲ ਹੀ ਉਸੇ ਜਹਾਜ਼ ’ਚ ਸਵਾਰ ਸੇਵਾਮੁਕਤ ਪਾਇਲਟ ਸ਼ਕਤੀ ਲਾਂਬਾ ਨੇ ਇਸ ਘਟਨਾ ਨੂੰ ਇੰਡੀਗੋ ਵਲੋਂ ਸੁਰੱਖਿਆ ਨਿਯਮਾਂ ਦੀ ਘੋਰ ਉਲੰਘਣਾ ਦੱਸਿਆ ਹੈ ਤੇ ਡੀ. ਜੀ. ਸੀ. ਏ. ਤੋਂ ਜਾਂਚ ਦੀ ਮੰਗ ਕੀਤੀ ਹੈ।

ਇੰਡੀਗੋ ਨੇ ਦਿੱਤੀ ਸਫ਼ਾਈ
ਇਸ ਮਾਮਲੇ ਤੇ ਇੰਡੀਗੋ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ 13 ਅਪ੍ਰੈਲ ਨੂੰ ਅਯੁੱਧਿਆ ਤੋਂ ਦਿੱਲੀ ਜਾਣ ਵਾਲੀ ਫਲਾਈਟ ਨੂੰ ਦਿੱਲੀ ਦੇ ਖ਼ਰਾਬ ਮੌਸਮ ਕਾਰਨ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਸੀ। ਜਹਾਜ਼ ਦੇ ਕਪਤਾਨ ਨੇ ਐੱਸ. ਓ. ਪੀ. ਦੇ ਘੇਰੇ ’ਚ ਹੀ ਕੰਮ ਕੀਤਾ। ਇਹ ਪੂਰੀ ਤਰ੍ਹਾਂ ਸੁਰੱਖਿਅਤ ਪ੍ਰਕਿਰਿਆ ਹੈ। ਹਵਾਈ ਜਹਾਜ਼ ਨੂੰ ਕਿਸੇ ਬਦਲਵੇਂ ਹਵਾਈ ਅੱਡੇ ’ਤੇ ਲਿਜਾਣ ਲਈ ਜਹਾਜ਼ ’ਚ ਹਰ ਸਮੇਂ ਕਾਫ਼ੀ ਈਂਧਨ ਸੀ। ਸਾਡੇ ਯਾਤਰੀਆਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਕਿਸੇ ਵੀ ਅਸੁਵਿਧਾ ਲਈ ਸਾਨੂੰ ਅਫਸੋਸ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News