ਬੀਸੀ ਚਿਲਡਰਨ ਹਸਪਤਾਲ ''ਚ ਜ਼ੇਰੇ ਇਲਾਜ ਬੱਚਿਆਂ ਨੂੰ ਖਿਡੌਣੇ ਵੰਡੇ
Sunday, Jan 25, 2026 - 06:49 AM (IST)
ਵੈਨਕੂਵਰ (ਮਲਕੀਤ ਸਿੰਘ) : ਪਿਛਲੇ ਕੁਝ ਅਰਸੇ ਤੋਂ ਸਮਾਜ ਸੇਵੀ ਕਾਰਜਾਂ ਲਈ ਲਗਾਤਾਰ ਯਤਨਸ਼ੀਲ ਚੜ੍ਹਦੀਕਲਾ ਬਰਦਰਹੁਡਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਭਾਈਚਾਰੇ ਦੇ ਸਾਂਝੇ ਉੱਦਮ ਸਦਕਾ ਸਮਾਜ ਭਲਾਈ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਬੀਸੀ ਚਿਲਡਰਨ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਜ਼ੇਰੇ ਇਲਾਜ ਬੱਚਿਆਂ ਦੇ ਮਨਪ੍ਰਚਾਵੇ ਲਈ ਨਵੇਂ ਅਤੇ ਪੈਕਟ ਬੰਦ ਖਿਡੌਣੇ ਦਾਨ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ।
ਇਹ ਵੀ ਪੜ੍ਹੋ : ਅਮਰੀਕਾ 'ਚ ਫਿਰ ਤਣਾਅ: ਮਿਨੀਆਪੋਲਿਸ 'ਚ ਇਮੀਗ੍ਰੇਸ਼ਨ ਏਜੰਟਾਂ ਨੇ ਇਕ ਹੋਰ ਵਿਅਕਤੀ ਨੂੰ ਮਾਰੀ ਗੋਲੀ
ਉਕਤ ਐਸੋਸੀਏਸ਼ਨ ਦੇ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਤਕਰੀਬਨ 5 ਹਜ਼ਾਰ ਡਾਲਰ ਦੀ ਕੀਮਤ ਵਾਲੇ ਖਿਡੌਣੇ ਅਜਿਹੇ ਬੱਚਿਆਂ ਨੂੰ ਪਹਿਲਾਂ ਵੀ ਦਾਨ ਕੀਤੇ ਗਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਮੌਕੇ 'ਤੇ ਐਸੋਸੀਏਸ਼ਨ ਵੱਲੋਂ ਖਿਡੌਣੇ ਦਾਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਕਿ ਸਥਾਨਕ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ ਹੈ ਅਤੇ ਇਸ ਮੁਹਿਮ ਤਹਿਤ ਇਸ ਵਾਰ ਇਕੱਤਰ ਹੋਈ 6500 ਡਾਲਰ ਦੀ ਰਾਸ਼ੀ ਨਾਲ ਇਹ ਨਵੇਂ ਖਿਡੌਣੇ ਖਰੀਦ ਕੇ ਬੀਸੀ ਚਿਲਡਰਨ ਹਸਪਤਾਲ ਦੇ ਬੱਚਿਆਂ ਨੂੰ ਦਾਨ ਕੀਤੇ ਜਾਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਮਨਕਟਾਲਾ, ਗੁਲਾਬ ਅਰੋੜਾ, ਗੌਰਵ ਵਾਲੀਆ, ਨਵੀਨ ਡਾਂਗ, ਅਵਤਾਰ ਰਾਏ, ਅਰਵਿੰਦਰ ਸਿੰਘ ਖੋਸਾ ਆਦਿ ਹਾਜ਼ਰ ਸਨ।
