ਭਾਰਤ ਨੂੰ ਯੂਰੇਨੀਅਮ ਦੇਵੇਗਾ ਕੈਨੇਡਾ ! PM ਮੋਦੀ ਤੇ ਕਾਰਨੀ ਦੀ ਮੁਲਾਕਾਤ ਮਗਰੋਂ ਹੋਇਆ ਸਮਝੌਤਾ
Tuesday, Mar 03, 2026 - 09:22 AM (IST)
ਨਵੀਂ ਦਿੱਲੀ- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਮੇਂ ਭਾਰਤ ਦੌਰੇ 'ਤੇ ਆਏ ਹੋਏ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਈ ਤੇ ਕੈਨੇਡਾ ਨੇ ਕਿਹਾ ਕਿ ਉਹ ਭਾਰਤ ਨੂੰ ਯੂਰੇਨੀਅਮ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੋਮਵਾਰ ਸਵੇਰੇ ਹੈਦਰਾਬਾਦ ਹਾਊਸ ਵਿਖੇ ਹੋਈ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਗਿਆ।
ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦਰਮਿਆਨ ਨਿਵੇਸ਼-ਵਪਾਰ ਸਮਝੌਤੇ ’ਤੇ ਚਰਚਾ ਹੋਈ ਹੈ। ਸਿਵਲ ਪ੍ਰਮਾਣੂ ਊਰਜਾ ’ਚ ਅਸੀਂ ਯੂਰੇਨੀਅਮ ਦੀ ਲੰਬੇ ਸਮੇਂ ਦੀ ਸਪਲਾਈ ਲਈ ਇਕ ਇਤਿਹਾਸਕ ਸਮਝੌਤੇ ’ਤੇ ਪਹੁੰਚੇ ਹਾਂ। ਦੋਵਾਂ ਦੇਸ਼ਾਂ ਦਰਮਿਆਨ ਕਈ ਖੇਤਰਾਂ ਨੂੰ ਕਵਰ ਕਰਨ ਵਾਲੇ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ ਹਨ। ਇਸ ਨਾਲ ਦੋਵਾਂ ਦੇਸ਼ਾਂ ’ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਛੋਟੇ ਮਾਡਿਊਲਰ ਰਿਐਕਟਰਾਂ ਤੇ ਉੱਨਤ ਰਿਐਕਟਰ ਤਕਨਾਲੋਜੀ ਦੇ ਵਿਕਾਸ ’ਤੇ ਸਹਿਯੋਗ ਕਰਾਂਗੇ। ਖੇਤੀਬਾੜੀ, ਇਸ ਦੀ ਤਕਨਾਲੋਜੀ ਤੇ ਖੁਰਾਕ ਸੁਰੱਖਿਆ ’ਚ ਪਸਾਰ ਵੀ ਸਾਡੇ ਟੀਚਿਆਂ ’ਚੋਂ ਇਕ ਹੈ।
ਪੱਛਮੀ ਏਸ਼ੀਆ ’ਚ ਈਰਾਨ ਦੀ ਜੰਗ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪੱਛਮੀ ਏਸ਼ੀਆ ’ਚ ਤਣਾਅ ਬਾਰੇ ਚਿੰਤਤ ਹੈ। ਭਾਰਤ ਦੁਨੀਆ ’ਚ ਸ਼ਾਂਤੀ ਤੇ ਸਥਿਰਤਾ ਚਾਹੁੰਦਾ ਹੈ। ਹਰ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਅੱਤਵਾਦ ਤੇ ਕੱਟੜਤਾ ਨਾ ਸਿਰਫ਼ ਸਾਡੇ ਦੋਵਾਂ ਦੇਸ਼ਾਂ ਲਈ ਸਗੋਂ ਸਾਰੀ ਮਨੁੱਖਤਾ ਲਈ ਗੰਭੀਰ ਚੁਣੌਤੀਆਂ ਪੈਦਾ ਕਰਦੇ ਹਨ। ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਇਨ੍ਹਾਂ ਖਤਰਿਆਂ ਦਾ ਮੁਕਾਬਲਾ ਕਰਨ ’ਚ ਸਾਡਾ ਨੇੜਲਾ ਸਹਿਯੋਗ ਜ਼ਰੂਰੀ ਹੈ। ਵੱਖ-ਵੱਖ ਮੌਜੂਦਾ ਮੁੱਦਿਆਂ ’ਤੇ ਭਾਰਤ ਦੀ ਸਥਿਤੀ ਸਪੱਸ਼ਟ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਨੂਰ ਖ਼ਾਨ ਏਅਰਬੇਸ 'ਤੇ ਹੋਈ ਏਅਰਸਟ੍ਰਾਈਕ ! ਰੱਖਿਆ ਮੰਤਰਾਲੇ ਨੇ ਖ਼ੁਦ ਕੀਤਾ ਐਲਾਨ
ਮੋਦੀ ਨੇ ਕਿਹਾ ਕਿ ‘ਭਾਰਤ-ਕੈਨੇਡਾ ਪਲਸ ਪ੍ਰੋਟੀਨ ਸੈਂਟਰ ਆਫ਼ ਐਕਸੀਲੈਂਸ’ ਭਾਰਤ ’ਚ ਸਥਾਪਿਤ ਕੀਤਾ ਜਾਵੇਗਾ। ਰੱਖਿਆ ਦੇ ਖੇਤਰ ’ਚ ਵਧਦਾ ਸਹਿਯੋਗ ਸਾਡੇ ਡੂੰਘੇ ਆਪਸੀ ਭਰੋਸੇ ਤੇ ਪਰਿਪੱਕ ਸਬੰਧਾਂ ਦਾ ਪ੍ਰਤੀਬਿੰਬ ਹੈ। ਅਸੀਂ ਰੱਖਿਆ ਉਦਯੋਗਾਂ, ਸਮੁੰਦਰੀ ਖੇਤਰ ਜਾਗਰੂਕਤਾ ਤੇ ਫੌਜੀ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਾਂਗੇ। ਇਸ ਮੰਤਵ ਲਈ ਅਸੀਂ ਭਾਰਤ-ਕੈਨੇਡਾ ਰੱਖਿਆ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
10-ਸਾਲਾ ਯੂਰੇਨੀਅਮ ਸਪਲਾਈ ਸਮਝੌਤਾ
ਪ੍ਰਧਾਨ ਮੰਤਰੀ ਕਾਰਨੀ ਦੀ ਫੇਰੀ ਦਾ ਮੁੱਖ ਮੰਤਵ ਭਾਰਤ ਤੇ ਕੈਨੇਡਾ ਦਰਮਿਆਨ 10-ਸਾਲਾ ਯੂਰੇਨੀਅਮ ਸਪਲਾਈ ਸਮਝੌਤਾ ਹੈ। ਇਹ ਸੌਦਾ ਲੱਗਭਗ 3 ਬਿਲੀਅਨ ਡਾਲਰ ਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਯੂਰੇਨੀਅਮ ਉਤਪਾਦਕ ਦੇਸ਼ ਹੈ। ਭਾਰਤ ਤੇ ਕੈਨੇਡਾ ਵਿਚਾਲੇ ਪ੍ਰਮਾਣੂ ਸਹਿਯੋਗ ਸਮਝੌਤਾ 2013 ’ਚ ਲਾਗੂ ਹੋਇਆ ਸੀ ਜਿਸ ਤੋਂ ਬਾਅਦ ਕੈਨੇਡਾ ਨੇ ਭਾਰਤ ਨੂੰ ਯੂਰੇਨੀਅਮ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਆਪਣੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਊਰਜਾ ਖੇਤਰ ਲਈ ਹੋਰ ਯੂਰੇਨੀਅਮ ਖਰੀਦਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ- ਇਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹੋ ਗਿਆ ਹਮਲਾ ! IAEA ਨੇ 'ਲੀਕੇਜ' ਨੂੰ ਲੈ ਕੇ ਦਿੱਤੀ ਵੱਡੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
