ਟੋਰਾਂਟੋ ਸਿਟੀ ਕੌਂਸਲ ਨੇ ਕੀਤਾ ਬਜਟ ਪੇਸ਼, ਮਹਿੰਗਾ ਹੋਵੇਗਾ ਪਾਣੀ

Saturday, Mar 09, 2019 - 01:37 AM (IST)

ਟੋਰਾਂਟੋ ਸਿਟੀ ਕੌਂਸਲ ਨੇ ਕੀਤਾ ਬਜਟ ਪੇਸ਼, ਮਹਿੰਗਾ ਹੋਵੇਗਾ ਪਾਣੀ

ਟੋਰਾਂਟੋ—ਟੋਰਾਂਟੋ ਸਿਟੀ ਕੌਂਸਲ ਨੇ 2019 ਲਈ ਬਜਟ ਨੂੰ ਪ੍ਰਵਾਨਗੀ ਦਿੰਦਿਆਂ ਪ੍ਰਾਪਰਟੀ ਟੈਕਸ ਦੀ ਦਰ 3.58 ਫੀਸਦੀ ਵਧਾ ਦਿੱਤੀ ਜਿਸ ਨਾਲ ਮਕਾਨ ਮਾਲਕਾਂ 'ਤੇ ਔਸਤਨ 104 ਡਾਲਰ ਸਾਲਾਨਾ ਦਾ ਬੋਝ ਪਵੇਗਾ। ਮੇਅਰ ਜੌਹਨ ਟੋਰੀ ਨੇ ਪ੍ਰਾਪਰਟੀ ਟੈਸਕ 'ਚ 2.55 ਫੀਸਦੀ ਵਾਧੇ ਦੀ ਤਜਵੀਜ਼ ਪੇਸ਼ ਕੀਤੀ ਸੀ ਅਤੇ ਇਸ ਉਪਰ ਹਾਉਸਿੰਗ ਤੇ ਟ੍ਰਾਂਜ਼ਿਟ ਪ੍ਰਾਜੈਕਟ ਲਈ ਲੇਵੀ ਲਾਉਣ ਮਗਰੋਂ ਕੁਲ ਵਾਧਾ 3.58 ਫੀਸਦੀ 'ਤੇ ਪੁੱਜ ਗਿਆ। 13.5 ਅਰਬ ਡਾਲਰ ਦੇ ਸੰਚਾਲਨ ਬਜਟ ਤਹਿਤ ਟੋਰਾਂਟੋ ਸਿਟੀ ਕੌਂਸਲ ਨੇ ਪਾਣੀ ਦੇ ਬਿਲਾਂ 'ਚ 3 ਫੀਸਦੀ ਵਾਧਾ ਕਰ ਦਿੱਤਾ ਜਿਸ ਨਾਲ ਹਰ ਪਰਵਾਰ 'ਤੇ 27 ਡਾਲਰ ਦਾ ਬੋਝ ਪਵੇਗਾ ਜਦਕਿ ਗਾਰਬੇਜ ਲਈ 2.2 ਫੀਸਦੀ ਵਾਧਾ ਕੀਤਾ ਗਿਆ ਹੈ। ਵਾਰਡ 11 ਤੋਂ ਕੌਂਸਲਰ ਮਾਈਕ ਲੇਟਨ ਨੇ ਬਜਟ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਮੇਅਰ ਸਣੇ ਵੱਡੀ ਗਿਣਤੀ 'ਚ ਕੌਂਸਲਰ ਟੋਰਾਂਟੋ ਦੇ ਲੋਕਾਂ 'ਤੇ ਵਧ ਰਹੇ ਟੈਕਸਾਂ ਦੇ ਬੋਝ ਦਾ ਜ਼ਿਕਰ ਕਰਦੇ ਰਹੇ ਪਰ ਆਖਰਕਾਰ ਬਜਟ 'ਚ ਟੈਕਸ ਵਾਧੇ ਲਾਗੂ ਕਰ ਦਿੱਤੇ ਗਏ। ਮਾਈਕ ਲੇਟਨ ਨੇ ਟੋਰਾਂਟੋ ਵਾਸੀਆਂ ਦਾ ਟੈਕਸ ਬੋਝ ਘਟਾਉਣ ਦੀ ਵਕਾਲਤ ਕੀਤੀ। ਉਨ੍ਹਾਂ ਤਜਵੀਜ਼ ਪੇਸ਼ ਕੀਤੀ ਕਿ ਗੱਡੀਆਂ ਉਪਰ ਖਰਚਾ ਮੁੜ ਤੋਂ ਲਾਗੂ ਕੀਤਾ ਜਾਵੇ ਜੋ ਰੌਬ ਫੋਰਡ ਦੇ ਕਾਰਜਕਾਲ ਦੌਰਾਨ ਹਟਾ ਦਿੱਤਾ ਗਿਆ ਸੀ। ਕੌਂਸਲਰ ਗੌਰਡ ਪਰਕਸ ਨੇ ਮੇਅਰ ਜੌਹਨ ਟੋਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੇਅਰ ਨੇ ਪ੍ਰਾਪਰਟੀ ਟੈਕਸ ਘਟਾਉਣ ਦੀਆਂ ਦਲੀਲਾਂ ਦਿੱਤੀਆਂ ਸਨ ਜੋ ਸਰਾਸਰ ਗਲਤ ਸਾਬਤ ਹੋਈਆਂ। ਵਾਰਡ 4 ਤੋਂ ਕੌਂਸਲਰ ਗੌਰਡ ਪਰਕਸ ਦਾ ਕਹਿਣਾ ਸੀ ਕਿ ਸ਼ਹਿਰੀ ਸੇਵਾਵਾਂ 'ਤੇ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਖਰਚਾ ਲਗਾਤਾਰ ਘਟਦਾ ਜਾ ਰਿਹਾ ਹੈ। ਬੇਘਰਾਂ ਲਈ ਰੈਣ-ਬਸੇਰੇ ਕਾਇਮ ਕਨਰ ਦੀ ਜ਼ਰੂਰਤ ਹੈ ਜਦਕਿ ਰਿਆਇਤੀ ਚਾਈਲਡ ਕੇਅਰ ਅਤੇ ਕਿਫਾਇਤੀ ਮਕਾਨ ਸਮੇਂ ਦੀ ਜ਼ਰੂਰਤ ਬਣ ਚੁੱਕੇ ਹਨ। ਬਜਟ ਤਹਿਤ ਟੀ.ਟੀ. ਸੀ.  ਵਾਸਤੇ 162 ਮਿਲੀਅਨ ਵਾਧੂ ਰੱਖੇ ਗਏ ਹਨ ਅਤੇ ਟੀ.ਟੀ.ਸੀ. ਦੇ ਕਿਰਾਏ 'ਚ 10 ਫੀਸਦੀ ਵਾਧਾ ਵੀ ਨਾਲੋ-ਨਾਲ ਕਰ ਦਿੱਤਾ ਗਿਆ।


author

Karan Kumar

Content Editor

Related News