ਸਕਾਟਲੈਂਡ ਦੇ ਹਸਪਤਾਲ ''ਚ ਹਮਲੇ ਦੇ ਬਾਅਦ ਹੋਈਆਂ ਤਿੰਨ ਮੌਤਾਂ

Saturday, Feb 06, 2021 - 05:26 PM (IST)

ਸਕਾਟਲੈਂਡ ਦੇ ਹਸਪਤਾਲ ''ਚ ਹਮਲੇ ਦੇ ਬਾਅਦ ਹੋਈਆਂ ਤਿੰਨ ਮੌਤਾਂ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ 'ਚ ਆਇਰਸ਼ਾਇਰ ਦੇ ਖੇਤਰ ਕਿਲਮਰਨਾਕ 'ਚ ਵੀਰਵਾਰ ਦੇ ਦਿਨ ਹਸਪਤਾਲ 'ਚ ਹੋਏ ਹਮਲੇ ਤੋਂ ਬਾਅਦ ਤਿੰਨ ਵਿਅਕਤੀ ਮਾਰੇ ਗਏ ਹਨ। ਇਸ ਸੰਬੰਧੀ ਪੁਲਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਕਿਲਮਰਨਾਕ ਦੇ ਇਕ ਹਸਪਤਾਲ ਵਿਚ ਹੋਏ ਹਮਲੇ ਅਤੇ ਛੁਰੇਮਾਰੀ ਦੀ ਘਟਨਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਕਾਟਲੈਂਡ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਾਸਹਾਉਸ ਯੂਨੀਵਰਸਿਟੀ ਹਸਪਤਾਲ ਦੀ ਇਕ 39 ਸਾਲਾ ਐੱਨ. ਐੱਚ. ਐੱਸ. ਵਰਕਰ ਦੀ ਵੀਰਵਾਰ ਸ਼ਾਮ ਕਰੀਬ 7.45 ਵਜੇ ਚਾਕੂ ਵੱਜਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਤੋਂ ਬਾਅਦ  ਹਸਪਤਾਲ ਦੇ ਕਾਰ ਪਾਰਕ ਵਿਚ ਮੌਤ ਹੋ ਗਈ। 

ਇਸ ਦੇ ਲਗਭਗ 20 ਮਿੰਟ ਬਾਅਦ, 24 ਸਾਲ ਦੀ ਇਕ ਹੋਰ ਔਰਤ ਨੂੰ ਆਇਰਸ਼ਾਇਰ ਸ਼ਹਿਰ ਵਿਚ ਪੋਰਟਲੈਂਡ ਸਟ੍ਰੀਟ 'ਤੇ ਚਾਕੂ ਮਾਰਿਆ ਗਿਆ, ਜਿਸਨੂੰ ਐਂਬੂਲੈਂਸ ਦੁਆਰਾ ਕਰਾਸਹਾਉਸ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿਚ ਉਸਦੀ ਵੀ ਮੌਤ ਹੋ ਗਈ। ਇਨ੍ਹਾਂ ਦੋਵੇਂ ਮ੍ਰਿਤਕ ਔਰਤਾਂ ਦਾ ਨਾਮ ਸੋਸ਼ਲ ਮੀਡੀਆ ਅਤੇ ਕੁੱਝ ਰਿਪੋਰਟਾਂ ਵਿਚ 39 ਸਾਲਾਂ ਐਮਾ ਰੌਬਰਟਸਨ ਕਪਲੈਂਡ ਅਤੇ 24 ਸਾਲਾ ਨਿਕੋਲ ਐਂਡਰਸਨ ਦੱਸਿਆ ਗਿਆ ਹੈ, ਜੋ ਕਿ ਮਾਂ ਧੀ ਸਨ। 


ਇਸ ਤੋਂ ਬਾਅਦ ਹੀ, ਏ 76 ਦੇ ਨਜ਼ਦੀਕ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਕ ਕਾਰ ਦੇ 40 ਸਾਲਾ ਪੁਰਸ਼ ਡਰਾਈਵਰ ਦੀ ਮੌਤ ਹੋ ਗਈ । ਪੁਲਸ ਅਨੁਸਾਰ ਇਹ ਘਟਨਾਵਾਂ ਆਪਸ ਵਿਚ ਜੁੜੀਆਂ ਹੋਈਆਂ ਸਨ ਪਰ ਅੱਤਵਾਦ ਨਾਲ ਸਬੰਧਤ ਨਹੀਂ ਸਨ। ਇਨ੍ਹਾਂ ਨੂੰ ਘਟਨਾਵਾਂ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਪੁਲਸ ਵੱਲੋਂ ਹਸਪਤਾਲ ਦਾ ਖੇਤਰ ਬੰਦ ਕਰ ਦਿੱਤਾ ਗਿਆ ਸੀ, ਜਿਸਨੂੰ ਕਿ ਸ਼ੁੱਕਰਵਾਰ ਸਵੇਰੇ, ਸੁਰੱਖਿਆ ਦੀ ਪੁਸ਼ਟੀ ਹੋਣ ਕਾਰਨ ਖੋਲ੍ਹ ਦਿੱਤਾ ਗਿਆ ਸੀ। ਇਸ ਘਟਨਾਂ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਦੁੱਖ ਪ੍ਰਗਟ ਕੀਤਾ ਹੈ। ਇਸਦੇ ਇਲਾਵਾ ਸਕਾਟਲੈਂਡ ਪੁਲਿਸ ਵੱਲੋਂ ਇਹਨਾਂ ਹਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 


author

Lalita Mam

Content Editor

Related News