ਥੇਰੇਸਾ ਮੇਅ ਪ੍ਰਧਾਨ ਮੰਤਰੀ ਦੇ ਰੂਪ ''ਚ ਆਪਣੇ ਭਵਿੱਖ ''ਤੇ ਅਟਕਲਾਂ ਤੋਂ ਨਰਾਜ਼

Sunday, Sep 16, 2018 - 07:54 PM (IST)

ਥੇਰੇਸਾ ਮੇਅ ਪ੍ਰਧਾਨ ਮੰਤਰੀ ਦੇ ਰੂਪ ''ਚ ਆਪਣੇ ਭਵਿੱਖ ''ਤੇ ਅਟਕਲਾਂ ਤੋਂ ਨਰਾਜ਼

ਲੰਡਨ— ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਰੂਪ 'ਚ ਆਪਣੇ ਭਵਿੱਖ 'ਤੇ ਲਗਾਤਾਰ ਲਗਾਈਆਂ ਜਾ ਰਹੀਆਂ ਅਟਕਲਾਂ ਨੂੰ ਲੈ ਕੇ ਐਤਵਾਰ ਨੂੰ ਨਾਰਾਜ਼ਗੀ ਜਤਾਈ। ਉਨ੍ਹਾਂ ਦੀ ਬ੍ਰੈਗਜ਼ਿਟ ਯੋਜਨਾ 'ਤੇ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰਾਂ 'ਚ ਮਤਭੇਦ ਹਨ। ਥੇਰੇਸਾ ਮੇਅ ਨੇ ਬੀਬੀਸੀ ਦੇ ਨਾਲ ਇੰਟਰਵਿਊ 'ਚ ਕਿਹਾ ਕਿ ਚਰਚਾ ਉਨ੍ਹਾਂ ਦੇ ਡਿਪਲੋਮੈਟਿਕ ਕਰੀਅਰ ਦੀ ਥਾਂ ਬ੍ਰਿਟੇਨ ਦੇ ਭਵਿੱਖ 'ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਥੋੜਾ ਨਾਰਾਜ਼ ਹੋ ਜਾਂਦੀ ਹਾਂ ਪਰ ਇਹ ਚਰਚਾ ਮੇਰੇ ਭਵਿੱਖ ਬਾਰੇ ਨਹੀਂ, ਬਲਕਿ ਬ੍ਰਿਟੇਨ ਦੇ ਲੋਕਾਂ ਤੇ ਬ੍ਰਿਟੇਨ ਬਾਰੇ ਹੈ। ਇਸੇ 'ਤੇ ਮੇਰਾ ਧਿਆਨ ਕੇਂਦਰਿਤ ਹੈ ਤੇ ਸਭ ਦਾ ਧਿਆਨ ਇਸ 'ਤੇ ਹੀ ਕੇਂਦਰਿਤ ਹੋਣਾ ਚਾਹੀਦਾ ਹੈ।

ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਮੇਅ ਦੀ ਅਗਵਾਈ ਨੂੰ ਲੈ ਕੇ ਇਕਜੁੱਟ ਨਹੀਂ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਸ਼ਚਿਤ ਹੈ ਕਿ ਸਾਨੂੰ ਯੂਰਪੀ ਸੰਘ ਤੋਂ ਚੰਗਾ ਸਮਝੌਤਾ ਮਿਲੇ ਜੋ ਬ੍ਰਿਟੇਨ ਦੇ ਲੋਕਾਂ ਲਈ ਚੰਗਾ ਹੋਵੇ। ਇਹ ਹੀ ਸਾਡੇ ਲਈ ਮਹੱਤਵਪੂਰਨ ਹੈ। ਉਨ੍ਹਾਂ ਦੀ ਟਿੱਪਣੀ ਅਜਿਹੇ ਵੇਲੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਬ੍ਰੈਗਜ਼ਿਟ ਯੋਜਨਾ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਇਹ ਚਰਚਾ ਕਰਨ ਲਈ ਬੈਠਕ ਕੀਤੀ ਕਿ ਉਹ ਕਦੋਂ ਤੇ ਕਿੱਦਾਂ ਉਨ੍ਹਾਂ ਨੂੰ ਅਸਤੀਫੇ ਲਈ ਮਜਬੂਰ ਕਰ ਸਕਦੇ ਹਨ। ਬ੍ਰੈਗਜ਼ਿਟ ਦਾ ਸਮਰਥਨ ਕਰਨ ਵਾਲੇ ਯੂਰਪੀ ਯੂਨੀਅਨ ਰਿਸਰਚ ਗਰੁੱਪ ਦੇ ਲਗਭਗ 50 ਮੈਂਬਰਾਂ ਨੇ ਅਗਵਾਈ ਚੁਣੌਤੀ 'ਤੇ ਚਰਚਾ ਲਈ ਮੰਗਲਵਾਰ ਨੂੰ ਬੈਠਕ ਕੀਤੀ। ਮੇਅ ਨੇ ਪਾਰਟੀ ਦੇ ਅੰਦਰ ਬ੍ਰੈਗਜ਼ਿਟ ਦਾ ਸਮਰਥਨ ਕਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਸਰਗਰਮ ਤੇ ਕਿਸੇ ਅਗਵਾਈ ਚੁਣੌਤੀ ਦੀ ਦੌੜ 'ਚ ਸਭ ਤੋਂ ਅੱਗੇ ਮੰਨੇ ਜਾਣ ਵਾਲੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਦੀ ਵੀ ਨਿੰਦਾ ਕੀਤੀ।

ਜਾਨਸਨ ਨੇ ਹਾਲ 'ਚ ਅਖਬਾਰਾਂ 'ਚ ਸਰਕਾਰ ਦੀ ਰਣਨੀਤੀ 'ਤੇ ਵੀ ਕਈ ਹਮਲੇ ਕੀਤੇ ਸਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਨਸਨ ਨੇ ਜਦੋਂ ਉਨ੍ਹਾਂ ਦੀ ਬ੍ਰੈਗਜ਼ਿਟ ਰਣਨੀਤੀ 'ਤੇ ਚਰਚਾ ਕੀਤੀ ਤਾਂ ਉਨ੍ਹਾਂ ਦੀ ਭਾਸ਼ਾ ਪੂਰੀ ਤਰ੍ਹਾਂ ਗਲਤ ਸੀ। ਮੇਅ ਨੇ ਕਿਹਾ ਕਿ ਮੈਂ 6 ਸਾਲ ਤੱਕ ਗ੍ਰਹਿ ਮੰਤਰੀ ਰਹੀ ਤੇ ਦੋ ਸਾਲਾਂ ਤੋਂ ਪ੍ਰਧਾਨ ਮੰਤਰੀ ਹਾਂ। ਮੇਰਾ ਮੰਨਣਾ ਹੈ ਕਿ ਅਜਿਹੀ ਭਾਸ਼ਾ ਬਿਲਕੁੱਲ ਠੀਕ ਨਹੀਂ ਹੈ ਤੇ ਮੈਂ ਕਦੇ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ। ਮੇਅ ਨੇ ਬ੍ਰੈਗਜ਼ਿਟ ਬਲੂਪ੍ਰਿੰਟ 'ਤੇ ਜੁਲਾਈ 2017 'ਚ ਜਾਨਸਨ ਦੇ ਅਸਤੀਫੇ ਤੋਂ ਬਾਅਦ ਤੇ ਅਚਾਨਕ ਹੋਈਆਂ ਚੋਣਾਂ 'ਚ ਪਾਰਟੀ ਦੇ ਸੰਸਦ 'ਚ ਬਹੁਮਤ ਗੁਆ ਦਿੱਤਾ। ਇਸ ਤੋਂ ਬਾਅਦ ਤੋਂ ਕੰਜ਼ਰਵੇਟਿਵ ਪਾਰਟੀ 'ਚ ਮੇਅ ਦੀ ਅਗਵਾਈ 'ਤੇ ਅਨਿਸ਼ਚਿਤਤਾ ਦੇ ਬੱਦਲ ਛਾਏ ਹੋਏ ਹਨ।


Related News