ਅਮਰੀਕੀ ਸਰਕਾਰ ਰੇਮਡੇਸਿਵਰ ਦਵਾਈ ਦੀ ਸਪਲਾਈ ਯਕੀਨਨ ਕਰੇ : ਮਾਹਿਰ
Sunday, Jul 19, 2020 - 01:39 AM (IST)
ਵਾਸ਼ਿੰਗਟਨ - ਕੋਰੋਨਾ ਲਾਗ ਦੇ ਵੱਧਦੇ ਮਾਮਲਿਆਂ ਵਿਚਾਲੇ ਰੇਮਡੇਸਿਵਰ ਦਵਾਈ ਦੀ ਸਪਲਾਈ ਨੂੰ ਲੈ ਕੇ ਅਮਰੀਕਾ ਵਿਚ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਸਰਕਾਰ ਇਸ ਦਵਾਈ ਦੀ ਸਪਲਾਈ ਯਕੀਨਨ ਕਰੇ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਇੰਫੈਕਸੇਸ਼ੀਅਸ ਡਿਜ਼ੀਜ ਸੋਸਾਇਟੀ ਆਫ ਅਮਰੀਕਾ (ਆਈ. ਡੀ. ਐਸ. ਏ.) ਨਾਲ ਜੁੜੇ ਮਾਹਿਰਾਂ ਨੇ ਉਪ ਰਾਸ਼ਟਰਪਤੀ ਮਾਇਕ ਪੇਂਸ ਅਤੇ ਸੈਕੇਟਰੀ ਆਫ ਹੈਲਥ ਐਂਡ ਹਿਊਮਨ ਸਰਵਿਸੇਸ ਐਲੇਕਸ ਅਜ਼ਾਰ ਨੂੰ ਚਿੱਠੀ ਲਿੱਖ ਕੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਹੋਣ ਵਾਲੀ ਕੋਵਿਡ-19 ਬੀਮਾਰੀ ਦੇ ਇਲਾਜ ਵਿਚ ਇਹ ਐਂਟੀ ਵਾਇਰਲ ਦਵਾਈ ਕਾਰਗਰ ਮੰਨੀ ਜਾ ਰਹੀ ਹੈ ਅਤੇ ਵਿਕਸਤ ਦੇਸ਼ ਇਸ ਦਵਾਈ ਲਈ ਇਕ ਹੀ ਉਤਪਾਦਕ 'ਤੇ ਨਿਰਭਰ ਹਨ।
ਆਈ. ਡੀ. ਐਸ. ਏ. ਨੇ ਆਖਿਆ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਇਹ ਡਿਫੈਂਸ ਪ੍ਰੋਟੈਕਸ਼ਨ ਐਕਟ ਸਣੇ ਦੂਜੇ ਸਾਰੇ ਤਰੀਕਿਆਂ ਦਾ ਇਸਤੇਮਾਲ ਕਰ ਰੇਮਡੇਸਿਵਰ ਦਵਾਈ ਦੀ ਸਪਲਾਈ ਯਕੀਨਨ ਕਰੇ। ਰੇਮਡੇਸਿਵਰ ਦਵਾਈ ਗਿਲੀਅਡ ਸਾਇੰਸੇਸ ਇੰਕ ਨਾਂ ਦੀ ਕੰਪਨੀ ਬਣਾਉਂਦੀ ਹੈ ਜਿਸ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਵਿਚ ਅਮਰੀਕਾ ਦੇ ਹਸਪਤਾਲਾਂ ਵਿਚ 5,00,000 ਟ੍ਰੀਟਮੈਂਟ ਕੋਰਸ ਦੀ ਸਪਲਾਈ ਕਰਨੀ ਹੈ। ਰਾਇਟਰਸ ਮੁਤਾਬਕ ਦੇਸ਼ ਦੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੱਖਣੀ ਅਤੇ ਪੂਰਬੀ ਸੂਬਿਆਂ ਵਿਚ ਇਸ ਦਵਾਈ ਦੀ ਕਮੀ ਦੀ ਖਬਰਾਂ ਮਿਲੀਆਂ ਸਨ ਜਿਸ ਤੋਂ ਬਾਅਦ ਹੈਲਥ ਐਂਡ ਹਿਊਮਨ ਸਰਵਿਸੇਸ ਨੇ ਫਲੋਰੀਡਾ, ਟੈਕਸਾਸ, ਕੈਲੀਫੋਰਨੀਆ ਅਤੇ ਐਰੀਜ਼ੋਨਾ ਨੂੰ ਐਮਰਜੰਸੀ ਵਿਚ ਇਹ ਦਵਾਈ ਭੇਜੀ ਹੈ। ਆਈ. ਡੀ. ਐਸ. ਏ. ਨੇ ਆਪਣੀ ਚਿੱਠੀ ਵਿਚ ਲਿੱਖਿਆ ਕਿ ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਵਾਇਰਸ ਦੇ ਮਾਮਲੇ ਨਾਟਕੀ ਰੂਪ ਨਾਲ ਵਧ ਰਹੇ ਹਨ ਅਤੇ ਅਜਿਹੇ ਵਿਚ ਇਸ ਦਵਾਈ ਦੀ ਮੌਜੂਦਾ ਸਪਲਾਈ ਘੱਟ ਪੈ ਸਕਦੀ ਹੈ।