ਈਰਾਨ ''ਚ 1 ਡਾਲਰ ਦੀ ਕੀਮਤ 2.55 ਲੱਖ ਰਿਆਲ

Monday, Jul 20, 2020 - 02:11 AM (IST)

ਤਹਿਰਾਨ - ਈਰਾਨ ਦੀ ਕਰੰਸੀ ਰਿਆਲ ਦਾ ਗੈਰ-ਅਧਿਕਾਰਕ ਮਾਰਕਿਟ ਵਿਚ ਅਮਰੀਕੀ ਕਰੰਸੀ ਡਾਲਰ ਦੀ ਤੁਲਨਾ ਵਿਚ ਭਿਆਨਕ ਤਰੀਕੇ ਨਾਲ ਡਿੱਗਣਾ ਜਾਰੀ ਹੈ। ਸ਼ਨੀਵਾਰ ਨੂੰ ਸਾਰੇ ਰਿਕਾਰਡ ਹੀ ਟੁੱਟ ਗਏ। ਅਮਰੀਕੀ ਪਾਬੰਦੀਆਂ ਅਤੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਇਸ ਸਾਲ ਈਰਾਨੀ ਕਰੰਸੀ ਰਿਆਲ ਵਿਚ ਕਰੀਬ 50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਾਰੇਨ ਐਕਸਚੇਂਜ਼ ਸਾਈਟ Bonbast.com ਮੁਤਾਬਕ ਸ਼ੁੱਕਰਵਾਰ ਨੂੰ ਇਕ ਡਾਲਰ ਦੀ ਕੀਮਤ ਕਰੀਬ 2,42,500 ਰਿਆਲ ਸੀ ਜੋ ਸ਼ਨੀਵਾਰ ਨੂੰ ਵੱਧ ਕੇ ਕਰੀਬ 2,55,300 ਰਿਆਲ ਹੋ ਗਈ ਹੈ। ਆਰਥਿਕ ਅਖਬਾਰ ਦੁਨੀਆ-ਏ-ਅੇਕਤੇਸਾਦ ਮੁਤਾਬਕ ਸ਼ਨੀਵਾਰ ਨੂੰ ਇਕ ਡਾਲਰ ਦੇ ਬਦਲੇ ਈਰਾਨ ਦੀ ਗੈਰ-ਅਧਿਕਾਰਕ ਮਾਰਕਿਟ ਵਿਚ 2,52,300 ਰਿਆਲ ਦੇਣੇ ਪਏ ਜਦਕਿ ਸ਼ੁੱਕਰਵਾਰ ਨੂੰ ਇਕ ਡਾਲਰ ਲਈ 2,41,300 ਰਿਆਲ ਦੇਣੇ ਪੈ ਰਹੇ ਸਨ।

2020 ਦੌਰਾਨ ਰਿਆਲ ਵਿਚ ਕਰੀਬ 48 ਫੀਸਦੀ ਦੀ ਗਿਰਾਵਟ ਆਈ ਹੈ। ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਅਤੇ ਗਲੋਬਲ ਅਰਥ ਵਿਵਸਥਾ ਵਿਚ ਮੰਦੀ ਕਾਰਨ ਈਰਾਨ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਮੱਧ-ਪੂਰਬ ਵਿਚ ਕੋਰੋਨਾ ਦਾ ਅਸਰ ਵੀ ਸਭ ਤੋਂ ਜ਼ਿਆਦਾ ਈਰਾਨ ਵਿਚ ਹੈ। ਇਥੇ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਅਤੇ ਮੱਧ-ਪੂਰਬ ਦੇ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਮੌਤਾਂ ਵੀ ਜ਼ਿਆਦਾ ਹੋਈਆਂ ਹਨ। ਈਰਾਨ ਨੂੰ ਡਾਲਰ ਦੀ ਜ਼ਰੂਰਤ ਮੁੱਖ ਰੂਪ ਤੋਂ ਦਵਾਈਆਂ ਦੇ ਆਯਾਤ ਵਿਚ ਪੈਂਦੀ ਹੈ। ਈਰਾਨ ਦੀ ਅਧਿਕਾਰਕ ਮਾਰਕਿਟ ਵਿਚ ਵੀ ਇਕ ਡਾਲਰ ਦੀ ਕੀਮਤ 42,000 ਰਿਆਲ ਹੈ। 2018 ਵਿਚ ਮਈ ਮਹੀਨੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਾਲ ਹੋਏ ਪ੍ਰਮਾਣੂ ਕਰਾਰ ਨੂੰ ਖਤਮ ਕਰ ਦਿੱਤਾ ਸੀ ਅਤੇ ਫਿਰ ਤੋਂ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਰਿਆਲ ਵਿਚ ਭਾਰੀ ਗਿਰਾਵਟ ਲਈ ਨਿਰਯਾਤ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਦੱਸਿਆ ਹੈ।


Khushdeep Jassi

Content Editor

Related News