ਲਾਸ ਏਂਜਲਸ ''ਚ ਕੋਰੋਨਾ ਪੀੜਤਾਂ ਦੀ ਗਿਣਤੀ 10 ਲੱਖ ਤੋਂ ਪਾਰ

Tuesday, Jan 19, 2021 - 01:37 PM (IST)

ਲਾਸ ਏਂਜਲਸ ''ਚ ਕੋਰੋਨਾ ਪੀੜਤਾਂ ਦੀ ਗਿਣਤੀ 10 ਲੱਖ ਤੋਂ ਪਾਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਸੂਬੇ ਦੀ ਲਾਸ ਏਂਜਲਸ ਕਾਉਂਟੀ ਵਿਚ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਦੇ ਨਤੀਜੇ ਵਜੋਂ ਇਸ ਕਾਉਂਟੀ ਨੇ ਪਿਛਲੇ ਹਫ਼ਤੇ ਦੇ ਅੰਤ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 10 ਲੱਖ ਕੋਵਿਡ-19 ਮਾਮਲਿਆਂ ਨੂੰ ਪਾਰ ਕਰ ਲਿਆ ਹੈ। 


ਦੇਸ਼ ਦੇ ਪਬਲਿਕ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਕਾਉਂਟੀ ਵਿਚ ਵਾਇਰਸ ਦੇ 14,000 ਤੋਂ ਵੱਧ ਮਾਮਲੇ ਅਤੇ ਲਗਭਗ 253 ਮੌਤਾਂ ਦਰਜ ਹੋਣ ਨਾਲ ਅਤੇ 7,597 ਕੋਰੋਨਾ ਮਰੀਜ਼ ਵੀ ਹਸਪਤਾਲਾਂ ਵਿਚ ਦਾਖ਼ਲ ਕੀਤੇ ਗਏ। ਹਾਲਾਂਕਿ ਕੈਲੀਫੋਰਨੀਆ ਮਹਾਮਾਰੀ ਦੌਰਾਨ ਦੇਸ਼ ਵਿਚ ਪਾਬੰਦੀਆਂ ਨੂੰ ਲਾਗੂ ਕਰਨ ਲਈ ਸਭ ਤੋਂ ਸਖ਼ਤ ਸੂਬਿਆਂ ਵਿਚੋਂ ਇਕ ਰਿਹਾ ਹੈ ਪਰ ਪਿਛਲੇ ਦੋ ਹਫ਼ਤਿਆਂ ਦੌਰਾਨ ਸੂਬੇ ਵਿਚ ਹਰ ਦਿਨ ਔਸਤਨ 41,000 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ। 

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਨੁਸਾਰ ਸੂਬੇ ਵਿਚ ਸ਼ੁਰੂ ਕੀਤੀ ਗਈ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਨਵੇਂ ਟੀਕਾਕਰਨ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ ਸੂਬੇ ਸ਼ੁੱਕਰਵਾਰ ਤੱਕ ਤਕਰੀਬਨ 15 ਲੱਖ ਟੀਕੇ ਦੀਆਂ ਖੁਰਾਕਾਂ ਦੇਣ ਦੇ ਟੀਚੇ ਨੂੰ ਪਾਰ ਕਰਨ ਦੇ ਨਜ਼ਦੀਕ ਹੈ। ਲਾਸ ਏਂਜਲਸ ਕਾਉਂਟੀ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਨਾਲ ਜਨਤਕ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਬੀ.1.1.7 ਦੇ ਪਹਿਲੇ ਮਾਮਲੇ ਦੀ ਵੀ ਪੁਸ਼ਟੀ ਕੀਤੀ ਹੈ। ਲਾਸ ਏਂਜਲਸ ਵਿਚ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਹੋਣ ਕਾਰਨ ਜਨਤਕ ਸਿਹਤ ਅਧਿਕਾਰੀਆਂ ਨੂੰ ਇਸ ਦੇ ਕਮਿਊਨਿਟੀ ਵਿਚ ਫੈਲਣ ਦਾ ਡਰ ਹੈ, ਜਿਸ ਕਰਕੇ ਵਿਭਾਗ ਵੱਲੋਂ ਨਮੂਨਿਆਂ ਦੀ ਜਾਂਚ ਜਾਰੀ ਹੈ।
 


author

Lalita Mam

Content Editor

Related News