ਨਵੇਂ ਸਾਲ ਮੌਕੇ ਬਦਲਿਆ ਜਾਵੇਗਾ ਯੂਰਪ ਦੇ ਇਸ ਦੇਸ਼ ਦਾ ਨਾਂ
Monday, Dec 30, 2019 - 12:36 AM (IST)

ਐਮਸਟਰਡਮ (ਏਜੰਸੀ)- 2020 ਦੇ ਸ਼ੁਰੂ ਹੁੰਦੇ ਹੀ ਉੱਤਰੀ ਯੂਰਪ ਦਾ ਇਕ ਦੇਸ਼ ਆਪਣਾ ਉਪਨਾਂ ਬਦਲ ਦੇਵੇਗਾ। ਸਰਕਾਰ ਇਸ ਦੇ ਲਈ ਰੀਬ੍ਰੈਂਡਿੰਗ ਕੈਂਪੇਨ ਚੱਲ ਰਹੀ ਹੈ। ਨੀਦਰਲੈਂਡ ਨੇ ਐਲਾਨ ਕੀਤਾ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਉਹ ਆਪਣਾ ਨਿਕਨੇਮ 'ਹਾਲੈਂਡ' ਅਧਿਕਾਰਤ ਤੌਰ 'ਤੇ ਤਿਆਗ ਦੇਵੇਗਾ। ਇਥੋਂ ਦੀਆਂ ਕੰਪਨੀਆਂ, ਸਫਾਰਤਖਾਨੇ, ਮੰਤਰਾਲਾ ਅਤੇ ਯੂਨੀਵਰਸਿਟੀਆਂ ਵਿਚ ਇਕ ਜਨਵਰੀ ਤੋਂ ਦੇਸ਼ ਨੂੰ ਸਿਰਫ 'ਨੀਦਰਲੈਂਡ' ਦੇ ਰੂਪ ਵਿਚ ਜਾਣਿਆ ਜਾਵੇਗਾ। ਦਰਅਸਲ ਹਾਲੈਂਡ ਨੀਦਰਲਾਂਡ ਦਾ ਹੀ ਕੁਝ ਹਿੱਸਾ ਹੈ। ਨੀਦਰਲੈਂਡ ਦੇ 12 ਸੂਬਿਆਂ ਵਿਚੋਂ ਸਿਰਫ 2 ਦੇ ਨਾਂ ਵਿਚ ਹਾਲੈਂਡ ਆਉਂਦਾ ਹੈ, ਪਰ ਲੋਕ ਅਕਸਰ ਨੀਦਰਲੈਂਡ ਨੂੰ ਹਾਲੈਂਡ ਕਹਿ ਦਿੰਦੇ ਹਨ। ਇਹ ਤਿੰਨ ਪ੍ਰਮੁੱਖ ਸ਼ਹਿਰ ਐਮਸਟਰਡਮ, ਰਾਟਰਡੈਮ ਅਤੇ ਦਿ ਹੇਗ ਦੇ ਲਈ ਵੀ ਮਸ਼ਹੂਰ ਹੈ।
ਡਚ ਮੀਡੀਆ ਰਿਪੋਰਟ ਮੁਤਾਬਕ ਦੇਸ਼ ਦੇ ਇਕ ਨਾਂ ਨੂੰ ਰੀਲਾਂਚ ਕਰਨ ਲਈ ਸਰਕਾਰ ਨੇ (1 ਕਰੋੜ 59 ਲੱਖ ਰੁਪਏ) 200000 ਯੂਰੋ ਦਾ ਬਜਟ ਤੈਅ ਕੀਤਾ ਹੈ। ਉਪ ਨਾਂ ਹਾਲੈਂਡ ਨੂੰ ਛੱਡਣ ਦਾ ਕਾਰਨ ਜਾਪਾਨ ਵਿਚ ਹੋ ਰਹੇ ਓਲੰਪਿਕ 2020 ਵਿਚ ਹਿੱਸਾ ਲੈਣਾ ਅਤੇ ਯੂਰੋਵਿਜ਼ਨ ਸਾਂਗ ਕਾਨਟੈਸਟ ਦੀ ਮੇਜ਼ਬਾਨੀ ਕਰਨਾ ਹੈ।
ਪਿਛਲੇ ਮਹੀਨੇ ਨਵਾਂ ਲੋਗੋ ਲੈਟਰਸ ਜਾਰੀ ਹੋਇਆ
ਡਚ ਟ੍ਰੇਡ ਮਿਨਿਸਟਰ ਸਿਗ੍ਰੀਡ ਕਾਗ ਨੇ ਪਿਛਲੇ ਮਹੀਨੇ ਦੇਸ਼ ਲਈ ਨਵੇਂ ਸ਼ਬਦ ਐਨ.ਐਲ. ਲੋਗੋ ਰਿਲੀਜ਼ ਕੀਤਾ। ਇਸ ਤੋਂ ਪਹਿਲਾਂ ਓਰੇਂਜੀ ਸਟਾਇਲਿਸ਼ ਟਿਊਲਿਪ ਦੇ ਨਾਲ ਹਾਲੈਂਡ ਲੋਗੋ ਸੀ। ਹਾਲਾਂਕਿ ਮੌਜੂਦਾ ਸਮੇਂ ਵਿਚ ਸੈਰ-ਸਪਾਟਾ ਵੈਬਸਾਈਟ (ਹਾਲੈਂਡ.ਕਾਮ) ਹਾਲੈਂਡਡਾਟਕਾਮ ਓਰੇਂਜ ਟਿਊਲਿਪ ਦੇ ਨਾਲ 'ਦਿਸ ਇਜ਼ ਹਾਲੈਂਡ' ਸਲੋਗਨ ਦੀ ਵਰਤੋਂ ਕਰ ਰਹੀ ਹੈ।
ਸੈਲਾਨੀਆਂ ਨੂੰ ਦੂਜੇ ਸ਼ਹਿਰਾਂ ਤੱਕ ਲਿਜਾਉਣਾ ਟੀਚਾ
ਨਵੇਂ ਨਾਂ ਨੂੰ ਲਿਆਉਣ ਦੇ ਪਿੱਛੇ ਰਣਨੀਤੀ ਰਾਜਧਾਨੀ ਐਮਸਟਰਡਮ ਵਿਚ ਰੁਕਣ ਵਾਲੇ ਸੈਲਾਨੀਆਂ ਨੂੰ ਦੂਜੇ ਸ਼ਹਿਰਾਂ ਤੱਕ ਲਿਜਾਉਣਾ ਹੈ। ਡਚ ਸੈਲਾਨੀ ਬੋਰਡ ਨੇ ਦੱਸਿਆ, ਮਈ ਮਹੀਨੇ ਤੋਂ ਨੀਦਰਲੈਂਡ ਨੂੰ ਹੀ ਦੇਸ਼ ਦੇ ਨਾਂ ਦੇ ਰੂਪ ਵਿਚ ਪ੍ਰਸਤਾਵਿਤ ਕਰਨ ਦਾ ਕੰਮ ਸ਼ੁਰੂ ਹੋਇਆ ਸੀ। ਤਾਂ ਜੋ ਗਿਣੇ-ਮਿੱਥੇ ਸ਼ਹਿਰਾਂ ਤੱਕ ਹੀ ਸੈਲਾਨੀਆਂ ਦਾ ਜਮਾਵੜਾ ਨਾ ਹੋਵੇ। ਬੋਰਡ ਮੁਤਾਬਕ, ਬੀਤੇ 10 ਸਾਲਾਂ ਵਿਚ 1.90 ਕਰੋੜ ਸੈਲਾਨੀ ਨੀਦਰਲੈਂਡ ਪਹੁੰਚੇ। ਆਉਣ ਵਾਲੇ ਦਹਾਕੇ ਵਿਚ ਸੈਲਾਨੀਆਂ ਦੀ ਗਿਣਤੀ ਵਧਾ ਕੇ 2.90 ਕਰੋੜ ਤੱਕ ਲਿਜਾਉਣ ਦਾ ਟੀਚਾ ਰੱਖਿਆ ਗਿਆ ਹੈ। ਇਕੱਲੇ ਐਮਸਟਰਡਮ ਵਿਚ ਹਰ ਸਾਲ 1.70 ਕਰੋੜ ਸੈਲਾਨੀ ਆਉਂਦੇ ਹਨ। ਇਥੋਂ ਦੇ 10 ਲੱਖ ਵਾਸੀਆਂ ਨੂੰ ਮਿਲਾ ਕੇ ਦੇਖੀਏ ਤਾਂ ਸੈਲਾਨੀਆਂ ਦੀ ਕਾਫੀ ਵੱਡੀ ਭੀੜਭਾੜ ਹੋ ਜਾਂਦੀ ਹੈ।