ਮਾਂ ਨੇ ਪਲਾਨਿੰਗ ਕਰਕੇ ਆਪਣੀ ਧੀ ਦਾ ਕ ਰ ''ਤਾ ਕਤਲ, ਫਿਰ ਪੁਲਸ ਤੋਂ ਬਚਣ ਲਈ ਬਦਲਿਆ ਹੁਲੀਆ
Wednesday, Dec 24, 2025 - 12:58 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਕੈਲੇਫੋਰਨੀਆ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਮਾਂ ਨੇ ਪੂਰੀ ਪਲਾਨਿੰਗ ਕਰਕੇ ਆਪਣੀ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਬੱਚੀ ਦੀ ਪਹਿਚਾਣ ਮੇਲੋਡੀ ਬਜ਼ਾਰਡ (9 ਸਾਲ) ਵਜੋਂ ਹੋਈ ਹੈ। ਪੁਲਸ ਨੇ ਮਹਿਲਾ ਦੋਸ਼ੀ ਨੂੰ ਕਾਬੂ ਕਰ ਲਿਆ ਹੈ।
ਪੁਲਸ ਦੇ ਦੱਸਣ ਮੁਤਾਬਕ ਦੋਸ਼ੀ ਬਜ਼ਾਰਡ 7 ਅਕਤੂਬਰ ਨੂੰ ਆਪਣੀ ਬੇਟੀ ਨਾਲ ਕੈਲੈਫੋਰਨੀਆ ਤੋਂ ਨਿਕਲੀ ਸੀ। ਉਨ੍ਹਾਂ ਨੇਵਾਦਾ, ਏਰੀਜੋਨਾ ਅਤੇ ਯੂਟਾ 'ਚ ਰੁਕਦੇ ਹੋਏ ਨੇਬਰਾਸਕਾ ਤੱਕ ਯਾਤਰਾ ਕੀਤੀ। ਆਖਰੀ ਵਾਰ 9 ਅਕਤੂਬਰ ਨੂੰ ਸੀਸੀਟੀਵੀ ਕੈਮਰਿਆਂ ਰਾਹੀਂ ਦੇਖਣ 'ਤੇ ਉਨ੍ਹਾਂ ਨੂੰ ਕੋਲੋਰਾਡੋ-ਯੂਟਾ ਸੀਮਾ ਕੋਲ ਦੇਖਿਆ ਗਿਆ। ਇਹ ਵੀ ਪਤਾ ਲੱਗਾ ਕਿ ਮਾਂ ਅਤੇ ਬੇਟੀ ਨੇ ਯਾਤਰਾ ਦੌਰਾਨ ਆਪਣਾ ਹੁਲੀਆ ਬਦਲਿਆ ਹੋਇਆ ਸੀ। 10 ਅਕਤੂਬਰ ਨੂੰ ਐਸ਼ਲੇ ਬਜ਼ਾਰਡ ਆਪਣੇ ਘਰ ਵਾਪਿਸ ਆ ਗਈ ਸੀ ਜਦਕਿ ਉਸਦੀ ਬੇਟੀ ਉਸਦੇ ਨਾਲ ਨਹੀਂ ਸੀ।
6 ਦਸੰਬਰ ਨੂੰ ਯੂਟਾ ਦੇ ਇਕ ਇਲਾਕੇ ਵਿਚੋਂ ਮ੍ਰਿਤਕ ਮੇਲੋਡੀ ਦੀ ਲਾਸ਼ ਬਰਾਮਦ ਹੋਈ ਸੀ। ਸੈਂਟਾ ਬਾਰਬਰਾ ਕਾਉਂਟੀ ਸ਼ੈਰਿਫ਼-ਕੋਰੋਨਰ ਬਿਲ ਬ੍ਰਾਊਨ ਨੇ ਦੱਸਿਆ ਕਿ 40 ਸਾਲਾ ਐਸ਼ਲੇ ਬਜ਼ਾਰਡ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਉਸਦੀ ਧੀ ਦੀ ਲਾਸ਼ ਦੇ ਕੋਲ ਮਿਲਿਆ ਇੱਕ ਗੋਲੀ ਦਾ ਕਾਰਤੂਸ ਉਸਦੇ ਘਰ ਵਿੱਚ ਮਿਲੇ ਇੱਕ ਵਰਤੇ ਹੋਏ ਕਾਰਤੂਸ ਦੇ ਡੱਬੇ ਨਾਲ ਜੁੜਿਆ ਹੋਇਆ ਸੀ। ਬ੍ਰਾਊਨ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਣ ਕਰਨ 'ਤੇ ਪਤਾ ਲੱਗਾ ਕਿ ਮੇਲੋਡੀ ਦੀ ਮੌਤ ਸਿਰ 'ਚ ਗੋਲੀ ਲੱਗਣ ਕਾਰਨ ਹੋਈ ਹੈ। ਸ਼ੱਕ ਪੈਣ 'ਤੇ ਜਦੋਂ ਦੋਸ਼ੀ ਨੂੰ ਕਾਬੂ ਕੀਤਾ ਤਾਂ ਸਾਰੀ ਸੱਚਾਈ ਸਾਹਮਣੇ ਆਈ। ਪੁਲਸ ਨੇ ਦੋਸ਼ੀ ਔਰਤ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਹੈ।
