ਉਸਮਾਨ ਹਾਦੀ ਕਤਲ ਕਾਂਡ : 24 ਦਸੰਬਰ ਨੂੰ ਦੁਨੀਆ ਭਰ ''ਚ ਭਾਰਤੀ ਅੰਬੈਸੀਆਂ ਘੇਰਨ ਦਾ ਐਲਾਨ
Monday, Dec 22, 2025 - 04:06 PM (IST)
ਲੰਡਨ/ਵਾਸ਼ਿੰਗਟਨ, ਸਰਬਜੀਤ ਸਿੰਘ ਬਨੂੜ : ਪ੍ਰੋ. ਖ਼ਾਲਿਸਤਾਨ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਬੰਗਲਾਦੇਸ਼ੀ ਨਾਗਰਿਕ ਉਸਮਾਨ ਹਾਦੀ ਦੇ ਕਤਲ ਦੇ ਖ਼ਿਲਾਫ਼ 24 ਦਸੰਬਰ ਨੂੰ ਦੁਨੀਆ ਭਰ ‘ਚ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਅੱਗੇ ਰੋਸ ਪ੍ਰਦਰਸ਼ਨ ਕਰ ਅੰਬੈਸੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ “ਉਸਮਾਨ ਹਾਦੀ ਅਤੇ ਸ਼ਹੀਦ ਹਰਦੀਪ ਸਿੰਘ ਨਿੱਝਰ ਦੇ ਖੂਨ ਦੇ ਛਿੱਟੇ ਢਾਕਾ ਤੋਂ ਲੈ ਕੇ ਡੀ.ਸੀ. ਤੱਕ ਹਰ ਭਾਰਤੀ ਐਮਬੈਸੀ ਤੇ ਕੌਂਸਲੇਟ ਨੂੰ ਹਿਲਾ ਦੇਣਗੇ।
ਸਿੱਖਸ ਫਾਰ ਜਸਟਿਸ ਨੇ ਕਿਹਾ ਕਿ 24 ਦਸੰਬਰ ਨੂੰ “ਗਲੋਬਲ ਕਾਰਵਾਈ” ਤਹਿਤ ਭਾਰਤੀ ਡਿਪਲੋਮੈਟਿਕ ਕੇਂਦਰਾਂ ਅੱਗੇ ਰੋਸ ਪ੍ਰਦਰਸ਼ਨ ਹੋਣਗੇ। ਜਥੇਬੰਦੀ ਨੇ ਬੰਗਲਾਦੇਸ਼ ਦੇ ਲੋਕਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਵੀ ਇਸ ਕਾਰਵਾਈ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਸਿੱਖਸ ਫਾਰ ਜਸਟਿਸ ਨੇ ਦਾਅਵਾ ਕੀਤਾ ਹੈ ਕਿ ਕੁਝ ਹਿੰਦੂ ਸਮੂਹਾਂ ਵੱਲੋਂ ਉਸਮਾਨ ਹਾਦੀ ਦੀ ਹੱਤਿਆ ‘ਤੇ ਖੁਸ਼ੀ ਮਨਾਉਣ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਤੁਲਨਾ ਭਾਰਤੀ ਪ੍ਰਧਾਨ ਮੰਤਰੀ ਦੀ ਵਿਚਾਰਧਾਰਾ ਨਾਲ ਜੋੜ ਕੇ ਕੀਤੀ ਗਈ।ਸਿੱਖਸ ਫਾਰ ਜਸਟਿਸ ਨੇ ਬੰਗਲਾਦੇਸ਼ੀ ਨਾਗਰਿਕ ਉਸਮਾਨ ਹਾਦੀ ਦੀ ਮੌਤ ਨੂੰ ਅਫ਼ਸੋਸਜਨਕ ਦੱਸਦਿਆਂ ਕਿਹਾ ਕਿ ਇਸ ਮਾਮਲੇ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ।
ਸਿੱਖਸ ਫਾਰ ਜਸਟਿਸ ਨੇ ਮੁੜ ਭਾਰਤੀ ਅੰਬੈਸੀਆਂ ਢਾਕਾ, ਓਟਾਵਾ, ਲੰਡਨ ਅਤੇ ਵਾਸ਼ਿੰਗਟਨ ਡੀ.ਸੀ. ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੰਨੂ ਨੇ ਕਿਹਾ ਕਿ ਬੰਗਲਾਦੇਸ਼ੀ ਹਿੰਦੂ ਨਾਗਰਿਕ ਦੀਪੂ ਦਾਸ ਦੀ ਮੌਤ ਨੂੰ ਅਫ਼ਸੋਸਜਨਕ ਦੱਸਦਿਆਂ ਕਿਹਾ ਕਿ ਭਾਰਤ ਦਾ “ਝੂਠੇ ਝੰਡੇ” ਵਾਲੀਆਂ ਕਾਰਵਾਈਆਂ ਦਾ ਲੰਮਾ ਇਤਿਹਾਸ ਰਿਹਾ ਹੈ, ਜਿਨ੍ਹਾਂ ਰਾਹੀਂ ਨਾਗਰਿਕਾਂ ਦੀ ਹੱਤਿਆ ਕਰਕੇ ਦੋਸ਼ ਦੂਜਿਆਂ ‘ਤੇ ਧਰਿਆ ਜਾਂਦਾ ਹੈ। ਸੂਤਰਾਂ ਮੁਤਾਬਕ 24 ਦਸੰਬਰ ਦੇ ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਲੰਡਨ ਸਥਿਤ ਭਾਰਤੀ ਅੰਬੈਸੀ ਦੁਆਲੇ ਸੁਰੱਖਿਆ ਸਖ਼ਤ ਕੀਤੀ ਜਾ ਸਕਦੀ ਹੈ।
