ਅਮਰੀਕਾ ਦੀ ਵਿਸ਼ੇਸ਼ ਕੋਲਡ ਕੇਸ ਯੂਨਿਟ ਨੇ ਸੁਲਝਾਇਆ ਕਲਾਕਾਰ ਡੇਵਿਡ ਜੋਰਜ ਦੇ ਕਤਲ ਦਾ ਮਾਮਲਾ
Friday, Dec 19, 2025 - 08:38 AM (IST)
ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਆਦਿਵਾਸੀ ਕਲਾਕਾਰ ਜਾਰਜ ਡੇਵਿਡ ਦੇ ਕਤਲ ਮਾਮਲੇ ਨੂੰ ਲਗਭਗ ਇੱਕ ਦਹਾਕੇ ਬਾਅਦ ਅਮਰੀਕਾ ਦੀ ਵਿਸ਼ੇਸ਼ ਕੋਲਡ ਕੇਸ ਯੂਨਿਟ ਨੇ ਸੁਲਝਾ ਲਿਆ ਹੈ। ਇਹ ਯੂਨਿਟ ਖ਼ਾਸ ਤੌਰ ’ਤੇ ਗੁੰਮਸ਼ੁਦਾ ਅਤੇ ਕਤਲ ਕੀਤੇ ਗਏ ਆਦਿਵਾਸੀ ਲੋਕਾਂ ਦੇ ਮਾਮਲਿਆਂ ਦੀ ਜਾਂਚ ਲਈ ਹੋਂਦ ਵਿੱਚ ਲਿਆਂਦੀ ਗਈ ਸੀ।
ਪ੍ਰਾਪਤ ਵੇਰਵਿਆਂ ਮੁਤਾਬਕ ਕਨੇਡਾ ਦੇ ਆਦਿਵਾਸੀ ਭਾਈਚਾਰੇ ਨਾਲ ਸੰਬੰਧਿਤ 65 ਸਾਲਾ ਕਲਾਕਾਰ ਜਾਰਜ ਡੇਵਿਡ ਦਾ 2016 ਵਿੱਚ ਵਾਸ਼ਿੰਗਟਨ ਰਾਜ ਦੇ ਪੋਰਟ ਐਂਜਲਿਸ ਸ਼ਹਿਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕਈ ਸਾਲਾਂ ਤੱਕ ਮਾਮਲਾ ਅਣਸੁਲਝਿਆ ਰਹਿਣ ਤੋਂ ਬਾਅਦ ਅਧਿਕਾਰੀਆਂ ਦੀ ਟੀਮ ਵੱਲੋਂ ਬੜੀ ਸਿਆਣਪ ਅਤੇ ਸੂਝ-ਬੂਝ ਨਾਲ ਆਪਣੀ ਡਿਊਟੀ ਨਿਭਾਉਂਦਿਆਂ ਇਸ ਅੰਨ੍ਹੇ ਕਤਲ ਕੇਸ ਨੂੰ ਤਕਨੀਕੀ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ 'ਤੇ ਸੁਲਝਾਉਣ ਵਿਚ ਕਾਮਯਾਬੀ ਹਾਸਿਲ ਕਰਨ ਦਾ ਦਾਅਵਾ ਕੀਤਾ ਹੈ। ਇਸ ਕਾਮਯਾਬੀ ਉਪਰੰਤ ਡੇਵਿਡ ਜੋਰਜ ਦੇ ਪਰਿਵਾਰਿਕ ਮੈਂਬਰ ਅਤੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ ਮਿਲਣ ਦੀ ਕਾਫੀ ਆਸ ਬੱਝੀ ਹੈ।
