ਉਮੀਦਾਂ ''ਤੇ ਫਿਰਿਆ ਪਾਣੀ, ਇਟਲੀ ਦਾ ਬੋਰਮਿਦਾ ਸ਼ਹਿਰ ਨਹੀਂ ਦੇ ਰਿਹੈ ਇਹ ਆਫਰ

05/18/2017 1:42:29 PM

ਰੋਮ (ਕੈਂਥ)— ਇਟਲੀ ਦੇ ਛੋਟੇ ਜਿਹੇ ਪਿੰਡ ਬੋਰਮਿਦਾ ਦੇ ਮੇਅਰ ਦਾਨੀਏਲੇ ਗਾਲੀਆਨੋ ਨੇ ਕਿਹਾ ਕਿ ਇਸ ਪਿੰਡ ਵਿਚ ਰਹਿਣ ਦੇ ਬਦਲੇ ਪੈਸਿਆਂ ਦੀ ਕੋਈ ਪੇਸ਼ਕਸ਼ ਨਹੀਂ ਕੀਤੀ ਗਈ ਹੈ। ਇਹ ਸਿਰਫ ਇਕ ਸੁਝਾਅ ਸੀ, ਜਿਸ ਨੂੰ ਲੋਕਾਂ ਨੇ ਗਲਤ ਸਮਝ ਲਿਆ। ਅਸਲ ਵਿਚ ਇਸ ਸੰਬੰਧੀ ਇਕ ਖਬਰ ਨੇ ਅੰਤਰਰਾਸ਼ਟਰੀ ਖਬਰ ਦਾ ਰੂਪ ਧਾਰਨ ਕਰ ਲਿਆ ਸੀ ਤਾਂ ਦੁਨੀਆ ਭਰ ਦੇ ਲੋਕ ਬੋਰਮਿਦਾ ਸ਼ਹਿਰ ਵਿਚ ਵੱਸਣ ਅਤੇ ਪੈਸੇ ਹਾਸਲ ਕਰਨ ਲਈ ਮੇਅਰ ਨਾਲ ਸੰਪਰਕ ਕਰ ਰਹੇ ਸਨ। ਮੇਅਰ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਨੂੰ ਸੰਜੀਦਾ ਰੂਪ ਵਿਚ ਨਾ ਲਿਆ ਜਾਵੇ ਕਿਉਂਕਿ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਪੇਸ਼ਕਸ਼ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧੀ ਕੋਈ ਕਾਲ ਨਾ ਕਰਨ। ਇਸ ਸੰਬੰਧੀ ਕੀਤੀ ਆਪਣੀ ਫੇਸਬੁੱਕ ਪੋਸਟ ਨੂੰ ਵੀ ਮੇਅਰ ਨੇ ਹਟਾ ਦਿੱਤਾ ਹੈ। ਇਸ ਪੋਸਟ ਵਿਚ ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਬੋਰਮਿਦਾ ਵਰਗੇ ਘੱਟ ਵਸੋਂ ਵਾਲੇ ਖੇਤਰਾਂ ਵਿਚ ਲੋਕਾਂ ਨੂੰ ''ਸਮਾਲ ਵਿਲੇਜ਼ ਫੰਡ'' ਅਧੀਨ ਤਕਰੀਬਨ 2000 ਯੂਰੋ ਦੀ ਰਾਸ਼ੀ ਅਵਾਸ ਲਈ ਦੇਣੀ ਚਾਹੀਦੀ ਹੈ, ਤਾਂ ਕਿ ਅਜਿਹੇ ਖੇਤਰਾਂ ਵੱਲ ਲੋਕ ਆਕਰਸ਼ਿਤ ਹੋਣ ਅਤੇ ਵਸੋਂ ਨੂੰ ਵਧਾਇਆ ਜਾ ਸਕੇ। 
  ਮੇਅਰ ਨੇ ਕਿਹਾ ਕਿ ਚਾਹੇ ਖ਼ਬਰ ਗਲਤ ਅਰਥਾਂ ਨਾਲ ਪ੍ਰਕਾਸ਼ਿਤ ਹੋਈ, ਜਿਸ ਦਾ ਕਿ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ, ਕਿੰਤੂ ਉਨ੍ਹਾਂ ਨੇ ਲੋਕਾਂ ਨੂੰ ਇਸ ਪ੍ਰਤੀ ਉਤਸ਼ਾਹ ਦਿਖਾਉਣ ਲਈ ਧੰਨਵਾਦ ਵੀ ਕੀਤਾ। ਮੇਅਰ ਨੇ ਕਿਹਾ ਕਿ ਇਟਲੀ ਇਕ ਬਹੁਤ ਹੀ ਸੋਹਣਾ ਅਤੇ ਪ੍ਰਾਚੀਨ ਸੱਭਿਅਤਾ ਵਾਲਾ ਦੇਸ਼ ਹੈ, ਪ੍ਰੰਤੂ ਇਸ ਸਮੇਂ ਇਟਲੀ ਵੀ ਦੁਨੀਆ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਵਿਸ਼ਵ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਲਈ ਇਸ ਸਮੇਂ ਅਜਿਹੀ ਕੋਈ ਵੀ ਪੇਸ਼ਕਸ਼ ਕਰਨੀ ਸੰਭਵ ਨਹੀਂ ਹੈ।  

Kulvinder Mahi

News Editor

Related News