ਬਦਲੇਗੀ ਗੁਆਂਢੀ ਦੇਸ਼ ਦੀ ਕਿਸਮਤ ! ''ਕ੍ਰਾਊਨ ਪ੍ਰਿੰਸ'' ਦਾ 17 ਸਾਲਾਂ ਦਾ ਬਨਵਾਸ ਖ਼ਤਮ, ਜਾਣੋ ਕੌਣ ਹੈ ਤਾਰਿਕ ਰਹਿਮਾਨ
Thursday, Dec 25, 2025 - 02:00 PM (IST)
ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਦੀ ਸਿਆਸਤ 'ਚ ਵੀਰਵਾਰ ਨੂੰ ਇੱਕ ਇਤਿਹਾਸਕ ਮੋੜ ਆਇਆ, ਜਦੋਂ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ 17 ਸਾਲਾਂ ਦੇ ਲੰਬੇ ਦੇਸ਼ ਨਿਕਾਲੇ ਤੋਂ ਬਾਅਦ ਲੰਡਨ ਤੋਂ ਸਵਦੇਸ਼ ਪਰਤ ਆਏ। ਉਨ੍ਹਾਂ ਦੀ ਵਾਪਸੀ ਅਜਿਹੇ ਸਮੇਂ ਹੋਈ ਹੈ, ਜਦੋਂ ਬੰਗਲਾਦੇਸ਼ ਵਿੱਚ ਸਿਆਸੀ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦਾ ਅਗਲਾ "ਕ੍ਰਾਊਨ ਪ੍ਰਿੰਸ" ਅਤੇ ਸੰਭਾਵੀ ਪ੍ਰਧਾਨ ਮੰਤਰੀ ਮੰਨਿਆ ਜਾ ਰਿਹਾ ਹੈ।
ਕੌਣ ਹਨ ਤਾਰਿਕ ਰਹਿਮਾਨ?
ਤਾਰਿਕ ਰਹਿਮਾਨ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜੀਆਉਰ ਰਹਿਮਾਨ ਅਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੀ ਖਾਲਿਦਾ ਜੀਆ ਦੇ ਵੱਡੇ ਪੁੱਤਰ ਹਨ। ਉਨ੍ਹਾਂ ਦਾ ਜਨਮ 20 ਨਵੰਬਰ 1965 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ 23 ਸਾਲ ਦੀ ਉਮਰ ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। 2008 ਤੋਂ ਉਹ ਲੰਡਨ ਵਿੱਚ ਦੇਸ਼ ਨਿਕਾਲਾ ਕੱਟ ਰਹੇ ਸਨ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਬੰਗਲਾਦੇਸ਼ ਦੀਆਂ ਅਦਾਲਤਾਂ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ ਅਤੇ 2004 ਦੇ ਗ੍ਰੇਨੇਡ ਹਮਲੇ ਵਰਗੇ ਸਾਰੇ 84 ਮਾਮਲਿਆਂ ਵਿੱਚੋਂ ਬਰੀ ਕਰ ਦਿੱਤਾ ਹੈ।
ਭਾਰਤ ਪ੍ਰਤੀ ਕੀ ਹੈ ਨਜ਼ਰੀਆ?
ਸਰੋਤਾਂ ਅਨੁਸਾਰ, ਤਾਰਿਕ ਰਹਿਮਾਨ ਦੀ ਵਿਦੇਸ਼ ਨੀਤੀ "ਬੰਗਲਾਦੇਸ਼ ਫਸਟ" 'ਤੇ ਅਧਾਰਿਤ ਹੈ। ਉਨ੍ਹਾਂ ਨੇ ਨਾਅਰਾ ਦਿੱਤਾ ਹੈ: "ਨਾ ਦਿੱਲੀ, ਨਾ ਪਿੰਡੀ, ਬੰਗਲਾਦੇਸ਼ ਸਭ ਤੋਂ ਪਹਿਲਾਂ"। ਇਸ ਦਾ ਮਤਲਬ ਹੈ ਕਿ ਉਹ ਭਾਰਤ ਜਾਂ ਪਾਕਿਸਤਾਨ ਨਾਲ ਅੰਨ੍ਹਾ ਗਠਜੋੜ ਕਰਨ ਦੀ ਬਜਾਏ ਆਪਣੇ ਦੇਸ਼ ਦੇ ਹਿੱਤਾਂ ਨੂੰ ਪਹਿਲ ਦੇਣਗੇ। ਹਾਲਾਂਕਿ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਾਲਿਦਾ ਜੀਆ ਦੀ ਸਿਹਤ 'ਤੇ ਚਿੰਤਾ ਪ੍ਰਗਟਾਉਣ ਤੋਂ ਬਾਅਦ ਬੀ.ਐਨ.ਪੀ. ਨੇ ਭਾਰਤ ਦਾ ਧੰਨਵਾਦ ਵੀ ਕੀਤਾ ਹੈ, ਜਿਸ ਨਾਲ ਸਬੰਧਾਂ ਵਿੱਚ ਨਵੀਂ ਉਮੀਦ ਜਗੀ ਹੈ।
ਸਿਆਸੀ ਮਾਹਿਰਾਂ ਦੀ ਰਾਏ ਸ਼ੇਖ ਹਸੀਨਾ ਦੀ ਪਾਰਟੀ 'ਆਵਾਮੀ ਲੀਗ' 'ਤੇ ਪਾਬੰਦੀ ਲੱਗਣ ਤੋਂ ਬਾਅਦ ਹੁਣ ਬੀ.ਐਨ.ਪੀ. ਸਭ ਤੋਂ ਮਜ਼ਬੂਤ ਪਾਰਟੀ ਵਜੋਂ ਉਭਰੀ ਹੈ। ਖਾਲਿਦਾ ਜੀਆ ਦੀ ਲਗਾਤਾਰ ਨਾਜ਼ੁਕ ਹੋ ਰਹੀ ਸਿਹਤ ਕਾਰਨ ਤਾਰਿਕ ਰਹਿਮਾਨ ਹੀ ਹੁਣ ਪਾਰਟੀ ਦਾ ਮੁੱਖ ਚਿਹਰਾ ਹਨ। ਉਨ੍ਹਾਂ ਦੀ ਵਾਪਸੀ 'ਤੇ ਲੱਖਾਂ ਸਮਰਥਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ, ਜੋ ਆਉਣ ਵਾਲੀਆਂ ਚੋਣਾਂ ਵਿੱਚ ਬੀ.ਐਨ.ਪੀ. ਦੀ ਮਜ਼ਬੂਤ ਦਾਅਵੇਦਾਰੀ ਦਾ ਸੰਕੇਤ ਹੈ।
