ਪ੍ਰਿੰਸ ਜਾਰਜ ''ਚ ਨਵੀਂ ਫਿਲੀਪੀਨੀ ਬਾਸਕਟਬਾਲ ਲੀਗ ਦੀ ਸ਼ਾਨਦਾਰ ਸ਼ੁਰੂਆਤ
Sunday, Dec 21, 2025 - 10:36 PM (IST)
ਵੈਨਕੂਵਰ, (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪ੍ਰਿੰਸ ਜਾਰਜ ਵਿੱਚ ਫਿਲੀਪੀਨੀ ਭਾਈਚਾਰੇ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਬਾਸਕਟਬਾਲ ਲੀਗ ਨੇ ਆਪਣੇ ਪਹਿਲੇ ਹੀ ਸਾਲ ਵਿੱਚ ਖੇਡ ਅਤੇ ਸੱਭਿਆਚਾਰਕ ਏਕਤਾ ਦੀ ਮਿਸਾਲ ਕਾਇਮ ਕੀਤੀ ਹੈ। ਇਸ ਲੀਗ ਦਾ ਮਕਸਦ ਖੇਡਾਂ ਰਾਹੀਂ ਫਿਲੀਪੀਨ ਨਾਲ ਸਬੰਧਿਤ ਲੋਕਾਂ ਨੂੰ ਇਕੱਠਾ ਕਰਨਾ ਅਤੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਹੈ।
ਲੀਗ ਦੇ ਆਯੋਜਕਾਂ ਮੁਤਾਬਕ, ਇਹ ਮੰਚ ਉਹਨਾਂ ਖਿਡਾਰੀਆਂ ਲਈ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਹੈ ਜੋ ਕੰਮ ਜਾਂ ਪਰਿਵਾਰਕ ਕਾਰਨਾਂ ਕਰਕੇ ਆਪਣੇ ਮੂਲ ਦੇਸ਼ ਤੋਂ ਦੂਰ ਵਸ ਰਹੇ ਹਨ। ਬਾਸਕਟਬਾਲ ਵਰਗੀ ਲੋਕਪ੍ਰਿਯ ਖੇਡ ਰਾਹੀਂ ਭਾਈਚਾਰੇ ਦੇ ਲੋਕਾਂ ਨੂੰ ਆਪਣੀ ਸੱਭਿਆਚਾਰਕ ਪਛਾਣ ਨਾਲ ਜੁੜੇ ਰਹਿਣ ਦਾ ਵੀ ਅਹਿਸਾਸ ਵੀ ਹੋਵੇਗਾ।
ਪ੍ਰਿੰਸ ਜਾਰਜ ਵਿੱਚ ਲੀਗ ਦੇ ਮੈਚਾਂ ਦੇ ਖਿਡਾਰੀਆਂ ਨੇ ਕਿਹਾ ਕਿ ਇਹ ਲੀਗ ਉਹਨਾਂ ਲਈ ਸਿਰਫ਼ ਖੇਡ ਨਹੀਂ, ਸਗੋਂ ਇਸ ਦੌਰਾਨ ਘਰ ਵਰਗੀ ਭਾਵਨਾ ਅਹਿਸਾਸ ਹੋਣਾ ਸੁਭਾਵਿਕ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਲੀਗ ਦਾ ਵਿਸਥਾਰ ਕਰਕੇ ਹੋਰ ਟੀਮਾਂ ਸ਼ਾਮਲ ਕਰਨ ਅਤੇ ਸੱਭਿਆਚਾਰਕ ਸਮਾਗਮਾਂ ਨੂੰ ਵੀ ਲੀਗ ਦੇ ਨਾਲ ਜੋੜਨ ਦੀ ਯੋਜਨਾ ਵਿਚਾਰ ਅਧੀਨ ਹੈ, ਤਾਂ ਜੋ ਨਵੀਂ ਪੀੜ੍ਹੀ ਨੂੰ ਵੀ ਆਪਣੇ ਵਿਰਸੇ ਨਾਲ ਜੋੜੀ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣ।
