ਹੁਣ ਖ਼ਤਮ ਹੋਵੇਗੀ ਰੂਸ-ਯੂਕ੍ਰੇਨ ਦੀ ਜੰਗ ! ਜ਼ੇਲੈਂਸਕੀ ਨੇ ਛੱਡੀ ਸਭ ਤੋਂ ਵੱਡੀ 'ਜ਼ਿੱਦ'
Monday, Dec 15, 2025 - 04:05 PM (IST)
ਇੰਟਰਨੈਸ਼ਨਲ ਡੈਸਕ- ਬੀਤੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਰੂਸ-ਯੂਕ੍ਰੇਨ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਟਰੰਪ ਦੀ ਵਿਚੋਲਗੀ ਦੇ ਬਾਵਜੂਦ ਦੋਵਾਂ ਦੇਸ਼ਾਂ ਵੱਲੋਂ ਇਕ-ਦੂਜੇ 'ਤੇ ਹਮਲੇ ਲਗਾਤਾਰ ਜਾਰੀ ਹਨ। ਇਸ ਜੰਗ 'ਚ ਹੁਣ ਤੱਕ ਹਜ਼ਾਰਾਂ ਲੋਕ ਜਾਨ ਗੁਆ ਚੁੱਕੇ ਹਨ ਤੇ ਯੂਕ੍ਰੇਨ ਦਾ ਸਮਰਥਨ ਕਰਨ ਵਾਲੇ ਕਈ ਯੂਰਪੀ ਦੇਸ਼ਾਂ ਦੇ ਵੀ ਰੂਸ ਨਾਲ ਸਬੰਧ ਤਣਾਅਪੂਰਨ ਬਣ ਗਏ ਹਨ।
ਦੋਵਾਂ ਦੇਸ਼ਾਂ ਦੀ ਜੰਗ ਰੁਕਵਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵਿਚੋਲਗੀ ਕਰ ਕੇ ਦੋਵਾਂ ਦੇਸ਼ਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਸੀ, ਪਰ ਫ਼ਿਰ ਵੀ ਇਸ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਦੋਵੇਂ ਦੇਸ਼ ਪਿੱਛੇ ਹਟਣ ਲਈ ਫਿਲਹਾਲ ਤਿਆਰ ਨਹੀਂ ਹਨ।
ਪਰ ਹੁਣ ਯੂਕ੍ਰੇਨੀ ਰਾਸ਼ਟਰਪਤੀ ਜ਼ੈਲੇਂਸਕੀ ਨੇ ਰੂਸ ਨਾਲ ਜੰਗ ਖ਼ਤਮ ਕਰਨ ਦੀ ਦਿਸ਼ਾ ਵੱਲ ਇਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਨਾਟੋ ਮੈਂਬਰਸ਼ਿਪ ਦੀ ਆਪਣੀ ਲੰਬੀ ਜ਼ਿੱਦ ਨੂੰ ਛੱਡਣ ਦੀ ਗੱਲ ਕਹੀ ਹੈ ਪਰ ਇਸ ਨੂੰ ਲੈ ਕੇ ਇਕ ਸ਼ਰਤ ਵੀ ਰੱਖੀ ਹੈ। ਰਾਸ਼ਟਰਪਤੀ ਦੇ ਅਨੁਸਾਰ ਪੱਛਮੀ ਦੇਸ਼ ਯੂਕ੍ਰੇਨ ਨੂੰ ਮਜ਼ਬੂਤ ਅਤੇ ਕਾਨੂੰਨੀ ਤੌਰ ’ਤੇ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਲਈ ਤਿਆਰ ਹਨ ਤਾਂ ਉਹ ਪਿੱਛੇ ਹਟਣ ਲਈ ਤਿਆਰ ਹਨ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਉਨ੍ਹਾਂ 'ਤੇ ਰੂਸ ਵੱਲੋਂ ਕਬਜ਼ੇ ਹੇਠ ਲਿਆ ਗਿਆ ਇਲਾਕਾ ਛੱਡਣ ਲਈ ਦਬਾਅ ਨਾ ਪਾਵੇ।
ਇਹ ਬਿਆਨ ਬਰਲਿਨ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤਾਂ ਸਟੀਵ ਵਿਟਕਾਫ ਅਤੇ ਜੈਰੇਡ ਕੁਸ਼ਨਰ ਨਾਲ ਮਹੱਤਵਪੂਰਨ ਸ਼ਾਂਤੀ ਵਾਰਤਾ ਤੋਂ ਠੀਕ ਪਹਿਲਾਂ ਆਇਆ ਹੈ। ਜ਼ੇਲੈਂਸਕੀ ਦੇ ਇਸ ਬਿਆਨ ਮਗਰੋਂ ਕਈ ਸਾਲਾਂ ਤੋਂ ਚੱਲਦੀ ਆ ਰਹੀ ਇਸ ਜੰਗ ਦੇ ਖ਼ਤਮ ਹੋਣ ਦੀਆਂ ਉਮੀਦਾਂ ਜਾਗ ਗਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਯੂਰਪੀ ਦੇਸ਼ ਯੂਕ੍ਰੇਨ ਨੂੰ ਸੁਰੱਖਿਆ ਗਾਰੰਟੀ ਦੇ ਕੇ ਜੰਗ ਖ਼ਤਮ ਕਰਵਾਉਂਦੇ ਹਨ ਜਾਂ ਇਹ ਜੰਗ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
